ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪਿਛਲੇ ਲੰਬੇ ਸਮੇਂ ਦੀ ਉਡੀਕ ਪਿੱਛੋਂ ਆਖਿਰ ਪੀਏਯੂ ਲੁਧਿਆਣਾ ਨੂੰ ਨਵਾਂ ਵਾਈਸ ਚਾਂਸਲਰ (ਡਾ: ਸਤਬੀਰ ਸਿੰਘ ਗੋਸਲ) ਮਿਲ ਗਿਆ ਹੈ। ਸ਼ੁਕਰਵਾਰ ਨੂੰ ਚੰਡੀਗੜ੍ਹ ਵਿਖੇ ਹੋਈ ਪੀਏਯੂ ਬੋਰਡ ਦੀ ਮੀਟਿੰਗ ਦੌਰਾਨ ਡਾ: ਸਤਬੀਰ ਸਿੰਘ ਗੋਸਲ ਨੂੰ ਪੀਏਯੂ ਦਾ ਨਵਾਂ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ। ਇਸ ਤੋਂ ਪਹਿਲਾਂ 30 ਜੂਨ 2021 ਨੂੰ ਸਾਬਕਾ ਵੀਸੀ ਬਲਦੇਵ ਸਿੰਘ ਢਿੱਲੋਂ ਦਾ ਕਾਰਜਕਾਲ ਖਤਮ ਹੋ ਗਿਆ ਸੀ। 1 ਜੁਲਾਈ 2021 ਤੋਂ ਪੀਏਯੂ ਵਿੱਚ ਵੀਸੀ ਦੀ ਖਾਲੀ ਪਈ ਅਸਾਮੀ ’ਤੇ ਤਿੰਨ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਮੇਂ-ਸਮੇਂ ’ਤੇ ਵਾਧੂ ਸੇਵਾਵਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚ ਆਈਏਐਸ ਅਨਿਰੁਧ ਤਿਵਾੜੀ, ਡੀਕੇ ਤਿਵਾੜੀ, ਸਰਵਜੀਤ ਸਿੰਘ ਦੇ ਨਾਂ ਸ਼ਾਮਲ ਹਨ।

ਸੂਤਰਾਂ ਅਨੁਸਾਰ ਛੇਤੀ ਹੀ ਰਸਮੀ ਤੌਰ 'ਤੇ ਉਹ ਆਪਣਾ ਅਹੁਦਾ ਸੰਭਾਲਣਗੇ। ਡਾ.ਸਤਬੀਰ ਸਿੰਘ ਗੋਸਲ ਮੈਂਬਰ ਬੋਰਡ ਆਫ਼ ਮੈਨੇਜਮੈਂਟ, ਪੀਏਯੂ (8 ਜੁਲਾਈ, 2015 ਤੋਂ 26 ਜੁਲਾਈ, 2021), ਸਾਬਕਾ ਨਿਰਦੇਸ਼ਕ ਖੋਜ ਪੀਏਯੂ, ਲੁਧਿਆਣਾ, ਸਾਬਕਾ ਵਧੀਕ ਡਾਇਰੈਕਟਰ ਖੋਜ (ਖੇਤੀਬਾੜੀ) ਪੀਏਯੂ ਲੁਧਿਆਣਾ, ਸਾਬਕਾ ਬਾਨੀ ਡਾਇਰੈਕਟਰ ਸਕੂਲ ਆਫ਼ ਐਗਰੀਕਲਚਰਲ ਬਾਇਓਟੈਕਨਾਲੋਜੀ ਪੀਏਯੂ, ਲੁਧਿਆਣਾ, ਸਾਬਕਾ ਮੁਖੀ, ਬਾਇਓਟੈਕਨਾਲੋਜੀ ਵਿਭਾਗ ਪੀਏਯੂ ਲੁਧਿਆਣਾ ਵੀ ਰਹਿ ਚੁੱਕੇ ਹਨ।

-ਡਾ.ਗੋਸਲ ਨੂੰ ਸਮੇਂ ਸਮੇਂ ਤੇ ਮਿਲੇ ਵੱਖ ਵੱਖ ਐਵਾਰਡ

ਡਾ.ਸਤਬੀਰ ਸਿੰਘ ਗੋਸਲ ਨੂੰ ਰਾਇਲ ਸੁਸਾਇਟੀ ਲੰਡਨ ਦੀ ਬਰਸਰੀ 1983 ਐਵਾਰਡ, ਰੌਕਫੈਲਰ ਫਾਊਂਡੇਸ਼ਨ (ਯੂਐੱਸਏ), ਕੈਰੀਅਰ ਫੈਲੋਸ਼ਿਪਸ 1993-2000 (6 ਸਾਲਾਂ ਲਈ ਹਰ ਸਾਲ 3 ਮਹੀਨੇ) ਦਾ ਐਵਾਰਡ, ਪੰਜਾਬ ਅਕੈਡਮੀ ਆਫ਼ ਸਾਇੰਸਿਜ਼ ਵੱਲੋਂ ਲਾਈਫ਼ਟਾਈਮ ਅਚੀਵਮੈਂਟ ਐਵਾਰਡ, ਸੋਸਾਇਟੀ ਫਾਰ ਦ ਪ੍ਰਮੋਸ਼ਨ ਆਫ ਪਲਾਂਟ ਸਾਇੰਸ ਰਿਸਰਚ ਜੈਪੁਰ ਦੁਆਰਾ ਡਿਸਟਿੰਕਸ਼ਨ ਐਵਾਰਡ ਪ੍ਰਾਪਤ ਕਰਨ ਦਾ ਮਾਣ ਹਾਸਿਲ ਹੋਇਆ। ਉਨ੍ਹਾਂ 130 ਰਾਸ਼ਟਰੀ/ਅੰਤਰਰਾਸ਼ਟਰੀ ਕਾਨਫਰੰਸਾਂ/ਮੀਟਿੰਗਾਂ ਵਿੱਚ ਹਿੱਸਾ ਵੀ ਲਿਆ।

Posted By: Seema Anand