ਪਰਗਟ ਸੇਹ, ਦੋਰਾਹਾ : ਦੋਰਾਹਾ ਸ਼ਹਿਰ ਦੇ ਸਭ ਤੋਂ ਪ੍ਰਮੁੱਖ ਇਲਾਕੇ ਪੁਰਾਣੀ ਦਾਣਾ ਮੰਡੀ 'ਚ ਰਹਿਣ ਵਾਲੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਲੋਕਾਂ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਨਗਰ ਕੌਂਸਲ ਦੋਰਾਹਾ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਹੈ। ਸਥਾਨਕ ਵਸਨੀਕਾਂ ਨੇ ਦੱਸਿਆ ਕਿ ਕਰੀਬ ਇਕ ਹਫਤੇ ਤੋਂ ਸੀਵਰੇਜ ਦਾ ਪਾਣੀ ਘਰਾਂ ਅੱਗੇ ਖੜ੍ਹਾ ਹੈ, ਜਿਸ ਕਾਰਨ ਬਦਬੂ ਮਾਰ ਰਹੀ ਹੈ ਤੇ ਮੱਛਰ ਪੈਦਾ ਹੋ ਰਹੇ ਹਨ ਤੇ ਲੋਕਾਂ 'ਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਪਰ ਫਿਰ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ।

ਇਸ ਮਾਮਲੇ ਸਬੰਧੀ ਦੋਰਾਹਾ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਅਜੇ ਕੁਮਾਰ ਨੇ ਇਸ ਸਮੱਸਿਆ ਤੋਂ ਪੱਲਾ ਝਾੜਦਿਆਂ ਕਿਹਾ ਇਹ ਕੰਮ ਉਨ੍ਹਾਂ ਦੇ ਵਿਭਾਗ ਦਾ ਨਹੀਂ, ਐੱਸਓ ਬ੍ਾਂਚ ਦਾ ਕੰਮ ਹੈ। ਜਦੋਂ ਦੋਰਾਹਾ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਪੁਸ਼ਪਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਜਿੱਥੇ ਗੰਦਗੀ ਜਮ੍ਹਾਂ ਹੋਣ ਕਾਰਨ ਸੀਵਰੇਜ ਬੰਦ ਹਨ, ਉੱਥੇ ਹੀ ਇਸ ਦੀ ਜ਼ਿੰਮੇਵਾਰੀ ਸੈਨੇਟਰੀ ਵਿਭਾਗ ਦੀ ਬਣਦੀ ਹੈ। ਉਹ ਜਲਦੀ ਹੀ ਇਸ ਦਾ ਹੱਲ ਕਰਵਾ ਦੇਣਗੇ।