ਪੱਤਰ ਪੇ੍ਰਕ, ਲੁਧਿਆਣਾ : ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਰੋਸ ਮੁਜ਼ਾਹਰਾ ਸ਼ੇਰਪੁਰ ਕਲਾਂ ਵਿਖੇ ਇਕੱਠੇ ਹੋਏ ਲੋਕਾਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਕੀਤਾ ਗਿਆ। ਅੱਜ ਦੇ ਮੁਜ਼ਾਹਰੇ ਦਾ ਸੱਦਾ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਇਨਕਲਾਬੀ ਮਜ਼ਦੂਰ ਕੇਂਦਰ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ (ਵਿਜੇ), ਨੌਜਵਾਨ ਭਾਰਤ ਸਭਾ, ਲੋਕ ਏਕਤਾ ਸੰਗਠਨ, ਕਾਰਖਾਨਾ ਮਜਦੂਰ ਯੂਨੀਅਨ ਵੱਲੋਂ ਦਿੱਤਾ ਗਿਆ ਸੀ। ਮੁਜ਼ਾਹਰੇ ਨੂੰ ਰਾਜਵਿੰਦਰ, ਹਰਜਿੰਦਰ ਸਿੰਘ, ਸੁਰਿੰਦਰ ਸਿੰਘ, ਵਿਜੇ ਨਾਰਾਇਣ, ਬਿੰਨੀ, ਲਖਵਿੰਦਰ, ਗੱਲਰ ਚੌਹਾਨ, ਮੁਸਲਿਮ ਕਲੋਨੀ ਮਸਜਿਦ ਦੇ ਇਮਾਮ, ਡਾ. ਅੰਸਾਰੀ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਮਜਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜਮਾਂ ਦੀਆਂ 14 ਜਨਤਕ ਜਮਹੂਰੀ ਜੱਥੇਬੰਦੀਆਂ ਵੱਲੋਂ ਸੂਬੇ ਵਿੱਚ ਮੋਦੀ ਸਰਕਾਰ ਦੇ ਨਾਗਰਿਕਤਾ ਹੱਕਾਂ 'ਤੇ ਖਤਰਨਾਕ ਹਮਲੇ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਨ ਲਈ ਭਰਵੀਂ ਮੁਹਿੰਮ ਵਿੱਢੀ ਗਈ ਹੈ।

16 ਫਰਵਰੀ ਨੂੰ ਮਲੇਰਕੋਟਲਾ ਵਿਖੇ ਪੰਜਾਬ ਪੱਧਰੀ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਇਨ੍ਹਾਂ ਕਦਮਾਂ ਰਾਹੀਂ ਨਾ ਸਿਰਫ਼ ਭਾਜਪਾ ਨੇ ਰਾਸ਼ਟਰੀ ਸਵੈ-ਸੇਵਕ ਸੰਘ ਦੇ ਵਿਰੁੱਧ ਆਪਣੇ ਏਜੰਡੇ ਨੂੰ ਅੱਗੇ ਵਧਾਇਆ ਹੈ, ਸਗੋਂ 'ਹਿੰਦੂ ਰਾਸ਼ਟਰ' ਬਣਾਉਣ ਦੇ ਜਿਸ ਏਜੰਡੇ ਤਹਿਤ ਮੋਦੀ ਸਰਕਾਰ ਨੇ ਜੋ ਕਦਮ ਚੁੱਕੇ ਹਨ, ਉਨ੍ਹਾਂ ਦਾ ਨਿਸ਼ਾਨਾ ਭਾਰਤ ਦੀਆਂ ਸਭ ਧਾਰਮਿਕ ਘੱਟ ਗਿਣਤੀਆਂ, ਦਲਿਤ, ਗ਼ੈਰ-ਸਵਰਨ, ਅੌਰਤਾਂ, ਆਦਿਵਾਸੀ, ਸਾਰੇ ਕਿਰਤੀ ਲੋਕ ਹਨ।