ਕੁਲਵਿੰਦਰ ਸਿੰਘ ਰਾਏ, ਖੰਨਾ : ਸਥਾਨਕ ਲਾਈਨੋ ਪਾਰ ਇਲਾਕੇ ਲਲਹੇੜੀ ਰੋਡ ਦੇ ਕੰਮ ਨੂੰ ਲੈ ਕੇ ਵੱਖ ਵੱਖ ਸਿਆਸੀ ਜਮਾਤਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਸਮਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਵੀਰਵਾਰ ਸ਼ਾਮ ਨੂੰ ਸਿਆਸੀ ਆਗੂਆਂ ਨੇ ਫੈਸਲਾ ਕਰਕੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ। ਜਦਕਿ ਦੂਜੇ ਪਾਸੇ ਦੁਕਾਨਦਾਰਾਂ ਵੱਲੋਂ ਧਰਨਾ ਤੇ ਭੁੱਖ ਹੜਤਾਲ ਵੀਰਵਾਰ ਨੂੰ ਵੀ ਲਗਾਤਾਰ ਜਾਰੀ ਹੈ ਤੇ ਉਨ੍ਹਾਂ ਇਸ ਨੂੰ ਸਮਾਪਤ ਕਰਨ ਦਾ ਕੋਈ ਫੈਸਲਾ ਨਹੀਂ ਲਿਆ।

ਸ਼ਾਮ ਨੂੰ ਹੋਈ ਮੀਟਿੰਗ 'ਚ ਸੋ੍ਮਣੀ ਅਕਾਲੀ ਦਲ ਵੱਲੋਂ ਯਾਦਵਿੰਦਰ ਸਿੰਘ ਯਾਦੂ, ਇਕਬਾਲ ਸਿੰਘ ਚੰਨੀ, ਵਕੀਲ ਜਤਿੰਦਰਪਾਲ ਸਿੰਘ, ਅਕਾਲੀ ਦਲ ਸੰਯੂਕਤ ਵੱਲੋਂ ਸੁਖਵੰਤ ਸਿੰਘ ਟਿੱਲੂ ਤੇ ਆਮ ਆਦਮੀ ਪਾਰਟੀ ਵੱਲੋਂ ਲਛਮਣ ਸਿੰਘ ਗਰੇਵਾਲ ਮੌਜੂਦ ਸਨ। ਆਗੂਆਂ ਨੇ ਕਿਹਾ ਕਿ ਲੋਕਾਂ ਦੇ ਦਬਾਅ ਕਾਰਨ ਪ੍ਰਸ਼ਾਸਨ ਨੇ ਟਾਇਲਾਂ ਤੇ ਗਟਕਾ ਲਲਹੇੜੀ ਰੋਡ 'ਤੇ ਉਤਾਰ ਦਿੱਤਾ ਹੈ। ਇਕਬਾਲ ਸਿੰਘ ਚੰਨੀ ਨੇ ਫੈਸਲਾ ਪੜ੍ਹ ਕੇ ਸੁਣਾਉਂਦੇ ਹੋਏ ਕਿਹਾ ਕਿ ਧਰਨੇ ਕਾਰਨ ਰਾਹਗੀਰ ਲੋਕਾਂ ਨੂੰ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਰਕੇ ਲੋਕ ਹਿੱਤਾਂ ਲਈ ਧਰਨਾ ਫਿਲਹਾਲ ਸਮਾਪਤ ਕੀਤਾ ਜਾ ਰਿਹਾ ਹੈ। ਲੋਕਾਂ ਦੀ ਜਿੱਤ ਹੋਈ ਹੈ। ਜੇਕਰ ਸੋਮਵਾਰ ਤੱਕ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਮੰਗਲਵਾਰ ਸਵੇਰੇ ਨਾਮਦੇਵ ਭਵਨ 'ਚ ਮੀਟਿੰਗ ਬੁਲਾ ਕੇ ਅਗਲੀ ਰਣਨੀਤੀ 'ਤੇ ਵਿਚਾਰ ਕੀਤਾ ਜਾਵੇਗਾ।

ਯਾਦੂ ਨੇ ਲਲਹੇੜੀ ਰੋਡ ਨਿਵਾਸੀਆਂ ਤੇ ਸਾਰੇ ਸਿਆਸੀ ਦਲਾਂ ਨੂੰ ਜਿੱਤ ਦੀ ਵਧਾਈ ਦਿੱਤੀ ਕਿ ਲੋਕਾਂ ਦੀ ਤਾਕਤ ਅੱਗੇ ਸਰਕਾਰਾਂ ਨੂੰ ਝੂਕਣਾ ਪੈਂਦਾ ਹੈ। ਸੁਖਵੰਤ ਸਿੰਘ ਟਿੱਲੂ ਨੇ ਕਿਹਾ ਜੇਕਰ ਲੋਕ ਸੰਘਰਸ਼ ਨਾ ਕਰਦੇ ਤਾਂ ਕਾਂਗਰਸ ਨੇ ਇੱਥੇ ਕੰਮ ਹੀ ਨਹੀਂ ਕਰਨਾ ਸੀ। ਕਿਉਂਂਕਿ ਮੰਤਰੀ ਕੋਟਲੀ ਸਿਰਫ਼ ਉਦਘਾਟਨ ਕਰਨਾ ਜਾਣਦੇ ਹਨ, ਕੰਮ ਨਹੀਂ। ਇਸ ਮੌਕੇ ਬੀਬੀ ਇੰਦਰਜੀਤ ਕੌਰ ਪੰਧੇਰ, ਕੌਂਸਲਰ ਸਰਬਦੀਪ ਸਿੰਘ ਕਾਲੀਰਾਓ, ਬਿੱਟੂ ਆਹਲੂਵਾਲੀਆ ਗੁਰਬਚਨ ਕਲੋਨੀ, ਡਾ. ਗਗਨਦੀਪ ਸਿੰਘ, ਜਤਿੰਦਰ ਸਿੰਘ ਇਕੋਲਾਹਾ, ਪਰਮਿੰਦਰ ਕੌਰ, ਜਿੰਮੀ ਥਾਪੜ, ਰਾਕੇਸ਼ ਸ਼ਰਮਾ, ਹਰਪ੍ਰਰੀਤ ਕੌਰ, ਰਾਹੁਲ ਗਰਗ, ਸਚਿਨ ਐਂਗਰਿਸ਼, ਭਰਪੂਰ ਸਿੰਘ, ਸੰਦੀਪ ਸਿੰਘ, ਕਾਰੀ ਸ਼ਕੀਲ ਅਹਿਮਦ, ਬਲਵੰਤ ਸਿੰਘ ਲੋਹਟ, ਹਰਜੀਤ ਕੌਰ ਰਾਣੋਂ, ਮੁਕੇਸ਼ ਕੁਮਾਰ ਹਾਜ਼ਰ ਸਨ।