ਸਤਵਿੰਦਰ ਸ਼ਰਮਾ, ਲੁਧਿਆਣਾ

ਨਿਗਮ ਜ਼ੋਨ-ਸੀ ਅਧੀਨ ਆਉਂਦੇ ਵਾਰਡ-39 ਨੂੰ ਵਿਕਾਸ ਪੱਖੋਂ ਵਿਧਾਨ ਸਭਾ ਹਲਕਾ ਆਤਮ ਨਗਰ ਤੇ ਵਿਧਾਨ ਦੱਖਣੀ ਦੇ ਸਾਰੇ ਵਾਰਡਾਂ ਤੋਂ ਇਕ ਨੰਬਰ 'ਤੇ ਲਿਆਂਦਾ ਜਾਵੇਗਾ ਜਿਸ ਲਈ ਐਕਸ਼ਨ ਪਲਾਨ ਤਿਆਰ ਕਰਨ ਤੋਂ ਬਾਅਦ ਉਸ ਤੇ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੇਅਰ ਬਲਕਾਰ ਸਿੰਘ ਸੰਧੂ ਤੇ ਕੌਂਸਲਰ ਪਤੀ ਜਸਵਿੰਦਰ ਸਿੰਘ ਠੁਕਰਾਲ ਨੇ ਵਾਰਡ ਅਧੀਨ ਆਉਂਦੇ ਇਲਾਕੇ ਨਿਊ ਜਨਤਾ ਨਗਰ ਵਿਖੇ 85 ਲੱਖ ਦੀ ਲਾਗਤ ਨਾਲ ਮੁੜ ਬਨਣ ਵਾਲੀਆਂ ਗਲੀਆਂ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਹਾਜਰ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਮੇਅਰ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਵਾਰਡ-39 'ਚ ਆਕੇ ਖੁਸ਼ੀ ਹੁੰਦੀ ਹੈ ਕਿ ਜਿਸ ਕੰਮ ਨੂੰ ਕੌਂਸਲਰ ਜਸਪ੍ਰਰੀਤ ਕੌਰ ਠੁਕਰਾਲ ਅਤੇ ਉਨ੍ਹਾਂ ਦੇ ਪਤੀ ਜਸਵਿੰਦਰ ਸਿੰਘ ਠੁਕਰਾਲ ਨੇ ਕੁਝ ਸਮਾਂ ਪਹਿਲਾਂ ਹੀ ਪਾਸ ਕਰਵਾਇਆ ਸੀ ਉਸ ਦੀ ਸ਼ੁਰੂਆਤ ਵੀ ਕਰਵਾ ਦਿੱਤੀ ਹੈ ਉਨ੍ਹਾਂ ਕਿਹਾ ਕਿ ਇਸ ਵਾਰਡ ਦੇ ਵਾਸੀਆਂ ਨੂੰ ਕੌਂਸਲਰ ਦੇ ਰੂਪ ਵਿੱਚ ਮਿਲੇ ਸੇਵਾਦਾਰ ਬਹੁਤ ਹੀ ਹਿੰਮਤੀ ਤੇ ਮਿਹਨਤੀ ਹਨ ਜਿਨ੍ਹਾਂ ਵੱਲੋਂ ਨਗਰ ਨਿਗਮ ਕੋਲ ਫੰਡਾਂ ਦੀ ਕਮੀ ਹੋਣ ਦੇ ਬਾਵਜੂਦ ਆਪਣੇ ਵਾਰਡ ਵਾਸੀਆਂ ਨੂੰ ਹੀ ਨਹੀਂ, ਸਗੋਂ ਨਾਲ ਲੱਗਦੇ ਵਾਰਡਾਂ ਦੇ ਵਾਸੀਆਂ ਨੂੰ ਸਹੂਲਤਾਂ ਦੇਣ ਦੇ ਮਨੋਰਥ ਨਾਲ ਪਿਛਲੇ ਸਮੇਂ ਦੌਰਾਨ 3 ਕਰੋੜ ਤੋਂ ਵੱਧ ਦੇ ਵਿਕਾਸ ਕੰਮ ਪਾਸ ਕਰਵਾਏ ਹਨ ਉਨ੍ਹਾਂ ਕਿਹਾ ਕਿ ਠੁਕਰਾਲ ਦੀ ਮਿਹਨਤ ਸਦਕਾ ਪਿਛਲੇ ਦਿਨੀ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਧਰਮ ਪਤਨੀ ਮਮਤਾ ਆਸ਼ੂ ਵੱਲੋਂ ਵਾਰਡ ਨੰਬਰ 39 ਦੇ ਪਹਿਲੇ ਖੇਡ ਪਾਰਕ ਦਾ ਉਦਘਾਟਨ ਕਰ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਉਨ੍ਹਾਂ ਭਰੌਸਾ ਦਿੱਤਾ ਕਿ ਉਨ੍ਹਾਂ ਵੱਲੋਂ ਵਾਰਡ ਨੰਬਰ 39 ਦੇ ਵਿਕਾਸ ਕੰਮਾਂ ਦੀ ਫਾਈਲਾਂ ਨੂੰ ਪਹਿਲ ਦੇ ਅਧਾਰ ਦੇ ਪਾਸ ਕੀਤਾ ਜਾਵੇਗਾ।

ਉਧਰ ਵਿਕਾਸ ਕੰਮ ਦੀ ਸ਼ੁਰੂਆਤ ਕਰਵਾਉਣ ਪੁੱਜੇ ਮੇਅਰ ਬਲਕਾਰ ਸਿੰਘ ਸੰਧੂ ਨੂੰ ਜੀਆਇਆ ਆਖਣ ਦੇ ਨਾਲ ਨਾਲ ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਵਾਰਡ ਦੇ ਪੂਰਨ ਵਿਕਾਸ ਲਈ ਉਨ੍ਹਾਂ ਨੂੰ ਹੋਰ ਫੰਡਾਂ ਦੀ ਜਰੂਰਤ ਹੈ ਉਨ੍ਹਾਂ ਵਿਕਾਸ ਕੰਮ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਵਗੁਣ ਸਕੂਲ ਦੇ ਮੇਨ ਗਲੀ ਦੇ ਨਾਲ ਨਾਲ ਇਲਾਕੇ ਦੀਆਂ ਸਾਰੀਆਂ ਹੀ ਗਲੀਆਂ ਨੂੰ ਆਰਐੱਮਸੀ ਨਾਲ ਪੱਕਾ ਕੀਤਾ ਜਾ ਰਿਹਾ ਹੈ ਉਨ੍ਹਾਂ ਨਾਲ ਹੀ ਦੱਸਿਆ ਕਿ ਜਲਦ ਹੀ ਕਰੀਬ ਡੇਢ ਕਰੋੜ ਦੀ ਲਾਗਤ ਨਾਲ ਲੇਬਰ ਚੌਂਕ ਤੋਂ ਜੀਤ ਹਲਵਾਈ ਅਤੇ ਗਿੱਲ ਰੋਡ ਨੂੰ ਜਾਂਦੀ ਡਾਬਾ ਰੋਡ ਨੂੰ ਪੱਕਾ ਕੀਤਾ ਜਾਵੇਗਾ ਜਿਨ੍ਹਾਂ ਦਾ ਕੰਮ ਵੀ ਬਰਸਾਤਾਂ ਖਤਮ ਹੁੰਦੇ ਸ਼ੁਰੂ ਕਰਵਾ ਦਿੱਤਾ ਜਾਵੇਗਾ ਉਨ੍ਹਾਂ ਇਲਾਕਾ ਵਾਸੀਆਂ ਨੂੰ ਭਰੌਸਾ ਦਿੱਤਾ ਕਿ ਜਲਦ ਹੀ ਇਹ ਵਾਰਡ ਜੋਨ ਸੀ ਅਧੀਨ ਆਉਦੇ ਹਲਕਾ ਆਤਮ ਨਗਰ ਅਤੇ ਦੱਖਣੀ ਦੇ ਸਾਰੇ ਵਾਰਡਾਂ ਨਾਲੋਂ ਵਿਕਾਸ ਪੱਖੋਂ ਸਭ ਤੋਂ ਅੱਗੇ ਹੋਵੇਗਾ ਅਤੇ ਵਾਰਡ ਵਿੱਚ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਛੱਡੀ ਜਾਵੇਗੀ। ਵਾਰਡ ਨੰਬਰ 39 ਦੇ ਇਲਾਕਾ ਨਿਊ ਜੰਤਾ ਨਗਰ ਵਿਖੇ ਸ਼ੁਰੂ ਹੋਏ ਗਲੀਆਂ ਦੇ ਮੁੜ ਨਿਰਮਾਣ ਵਿਕਾਸ ਕੰਮ ਲਈ ਇਲਾਕਾ ਵਾਸੀਆਂ ਵੱਲੋਂ ਮੇਅਰ ਬਲਕਾਰ ਸਿੰਘ ਸੰਧੂ ਅਤੇ ਕੌਂਸਲਰ ਪਤੀ ਜਸਵਿੰਦਰ ਸਿੰਘ ਠੁਕਰਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹਰਜਿੰਦਰ ਸਿੰਘ ਗਿੱਲ, ਇੰਦਰਜੀਤ ਸਿੰਘ ਜੀ ਐੱਸ, ਰਜਿੰਦਰ ਸਿੰਘ ਵਾਲੀਆ, ਸੁਰਿੰਦਰ ਸਿੰਘ, ਭੁਪਿੰਦਰ ਸਿੰਘ ਬੱਤਰਾ, ਮਨਮੋਹਣ ਸਿੰਘ, ਸੁਰਿੰਦਰ ਸਿੰਘ, ਲਾਲ ਸਿੰਘ, ਹਾਕਮ ਸਿੰਘ ਤੇ ਹੋਰ ਹਾਜ਼ਰ ਸਨ।