ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਜਲੰਧਰ 'ਚ ਕੁਝ ਦਿਨ ਪਹਿਲਾਂ ਯੂਕੋ ਬੈਂਕ 'ਚ ਲੁੱਟ ਦੀ ਵਾਰਦਾਤ ਤੋਂ ਬਾਅਦ ਹੁਣ ਲੁਟੇਰਿਆਂ ਨੇ ਲੁਧਿਆਣਾ 'ਚ ਬੈਂਕ ਨੂੰ ਨਿਸ਼ਾਨਾ ਬਣਾਇਆ ਹੈ। ਥਾਣਾ ਮੁੱਲਾਪੁਰ ਦਾਖਾ ਅਧੀਨ ਪੈਂਦੇ ਪਿੰਡ ਦੇਤਵਾਲ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਵਿੱਚੋਂ ਵੀਰਵਾਰ ਸ਼ਾਮ ਨੂੰ ਲੁਟੇਰਿਆਂ ਨੇ 7.44 ਲੱਖ ਰੁਪਏ ਲੁੱਟ ਲਏ। ਲੁਟੇਰਿਆਂ ਦੀ ਗਿਣਤੀ ਪੰਜ ਦੱਸੀ ਜਾ ਰਹੀ ਹੈ। ਚਾਰ ਨਕਾਬਪੋਸ਼ ਲੁਟੇਰੇ ਬੈਂਕ ਅੰਦਰ ਦਾਖਲ ਹੋਏ ਅਤੇ ਇੱਕ ਬਾਹਰ ਹੀ ਰਿਹਾ।

ਸੂਚਨਾ ਮਿਲਦਿਆਂ ਦੀ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਹਰਜੀਤ ਸਿੰਘ, ਐੱਸਪੀ ਪਰਮਾਰ, ਡੀਐੱਸਪੀ ਪ੍ਰਵੀਨ ਤੇ ਦਾਖਾ ਦੇ ਡੀਐੱਸਪੀ ਜਸ਼ਨਦੀਪ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ। ਇਸ ਬਾਰੇ ਬੈਂਕ ਦੀ ਜੂਨੀਅਰ ਮੈਨੇਜਰ ਰਿਪਸੀ ਅਰੋੜਾ ਨੇ ਦੱਸਿਆ ਕਿ ਸ਼ਾਮ ਚਾਰ ਵਜੇ ਦੇ ਕਰੀਬ ਬੈਂਕ ਅੰਦਰ 4 ਲੁਟੇਰੇ ਖਾਤਾ ਖੁਲ੍ਹਵਾਉਣ ਦੇ ਬਹਾਨੇ ਅੰਦਰ ਆਏ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ। ਇਸੇ ਦੌਰਾਨ ਉਨ੍ਹਾਂ ਨੇ ਆਪਣੇ ਬੈਗ ਵਿੱਚੋਂ ਪਿਸਟਲ ਤੇ ਦੁਨਾਲੀ ਕੱਢ ਕੇ ਕੈਸ਼ੀਅਰ 'ਤੇ ਤਾਣ ਲਈ ਅਤੇ ਸਾਰੇ ਮੁਲਾਜ਼ਮਾ ਨੂੰ ਹੱਥ ਉੱਪਰ ਕਰ ਕੇ ਇਕ ਪਾਸੇ ਖੜੇ੍ਹ ਹੋਣ ਲਈ ਕਿਹਾ। ਫਿਰ ਉਨ੍ਹਾਂ ਨੇ ਕੈਸ਼ੀਅਰ ਕਮਲ ਦੇ ਕੈਬਿਨ ਵਿੱਚ ਪਈ ਕੁੱਲ 7 ਲੱਖ 45 ਹਜ਼ਾਰ ਦੀ ਕਰੀਬ ਨਕਦੀ ਚੁੱਕੀ ਤੇ ਬੈਗ ਵਿਚ ਪਾ ਕੇ ਉਥੋਂ ਫ਼ਰਾਰ ਹੋ ਗਏ।