ਕੁਲਵਿੰਦਰ ਸਿੰਘ ਰਾਏ, ਖੰਨਾ : ਪਿੰਡ ਝੰਮਟ 'ਚ ਡੇਰਾ ਮਸਤਾਨਾ ਜੀ ਦੇ ਮੁਖੀ ਕਰਨੈਲ ਸਿੰਘ ਅਤੇ ਸਾਥੀਆਂ 'ਤੇ ਸਾਬਕਾ ਫ਼ੌਜੀ ਪਰਮਜੀਤ ਸਿੰਘ 'ਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਲਾਏ ਹਨ। ਘਟਨਾ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਹੈ, ਜਿਸ ਕਾਰਨ ਹਲਾਤ ਤਣਾਅਪੂਰਨ ਬਣੇ ਹੋਏ ਹਨ। ਦੋਵੇਂ ਧਿਰਾਂ ਇੱਕ-ਦੂਜੇ ਤੇ ਦੋਸ਼ ਲਾ ਰਹੀਆਂ ਹਨ। ਸਾਬਕਾ ਫ਼ੌਜੀ ਪਰਮਜੀਤ ਸਿੰਘ ਨੂੰ ਜ਼ਖ਼ਮੀ ਹਾਲਤ 'ਚ ਮਲੌਦ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕੀਤਾ ਗਿਆ, ਜਿਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪਹਿਲਾਂ ਲੁਧਿਆਣਾ ਤੇ ਫਿਰ ਚੰਡੀਗੜ੍ਹ ਹਸਪਤਾਲ 'ਚ ਰੈਫ਼ਰ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਦੋਵੇਂ ਧਿਰਾਂ 'ਚ ਪੁਰਾਣਾ ਵਿਵਾਦ ਚੱਲ ਰਿਹਾ ਹੈ।

ਪਿੰਡ ਦੇ ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੇਖਣ ਤੋਂ ਪਤਾ ਲੱਗਿਆ ਕਿ ਡੇਰੇ ਦਾ ਬਾਬਾ ਆਪਣੇ ਸਾਥੀਆਂ ਸਮੇਤ ਪਰਮਜੀਤ ਸਿੰਘ ਨਾਲ ਕੁੱਟਮਾਰ ਕਰ ਰਿਹਾ ਹੈ। ਜੇਕਰ ਉਨ੍ਹਾਂ ਨੇ ਪਰਮਜੀਤ ਸਿੰਘ ਨਾਲ ਕੋਈ ਗੱਲਬਾਤ ਕਰਨੀ ਹੀ ਸੀ ਤਾਂ ਬੈਠ ਕੇ ਕਰ ਸਕਦੇ ਸਨ। ਉਨ੍ਹਾਂ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

====

ਸਾਡਾ ਖੁਦ ਦਾ ਪਰਿਵਾਰ ਹੀ ਸੁਰੱਖਿਅਤ ਨਹੀਂ

ਖ਼ੁਦ ਲੰਬਾ ਸਮਾਂ ਸਰਹੱਦ 'ਤੇ ਦੇਸ਼ ਦੀ ਰੱਖਿਆ ਕਰਨ ਵਾਲੇ ਪਰਮਜੀਤ ਸਿੰਘ ਦਾ ਪੁੱਤਰ ਤੇ ਨੂੰਹ ਇਸ ਸਮੇਂ ਬੀਐੱਸਐੱਫ 'ਚ ਭਰਤੀ ਹਨ। ਨੂੰਹ ਮੈਟਰਨਿਟੀ ਲੀਵ 'ਤੇ ਹੈ। ਉਸ ਨੇ ਦੱਸਿਆ ਕਿ ਡੇਰਾ ਮੁਖੀ ਕਰਨੈਲ ਸਿੰਘ ਲੰਬੇ ਸਮੇਂ ਤੋਂ ਉਨ੍ਹਾਂ ਦੀ ਜ਼ਮੀਨ ਤੇ ਘਰ ਹੱੜਪਣਾ ਚਾਹੁੰਦਾ ਹੈ। ਕਈ ਵਾਰ ਡੇਰਾ ਮੁਖੀ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਜ਼ਮੀਨ ਤੇ ਘਰ ਖ਼ਾਲੀ ਕਰ ਕੇ ਚਲੇ ਜਾਓ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਤਾਂ ਹੁਣ ਡੇਰਾ ਮੁਖੀ ਉਨ੍ਹਾਂ ਨੂੰ ਜਾਨੋਂ ਮਾਰਨਾ ਚਾਹੁੰਦਾ ਹੈ। ਉਹ ਤੇ ਉਸ ਦਾ ਪਤੀ ਬੀਐੱਸਐੱਫ 'ਚ ਰਹਿੰਦੇ ਹੋਏ ਦੇਸ਼ ਦੀ ਰੱਖਿਆ ਕਰਦੇ ਹਨ ਪਰ ਉਨ੍ਹਾਂ ਦਾ ਖ਼ੁਦ ਦਾ ਪਰਿਵਾਰ ਸੁਰੱਖਿਅਤ ਨਹੀਂ ਹੈ। ਪੁਲਿਸ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

=====

ਡੇਰੇ ਦੇ ਕਿਸੇ ਵਿਅਕਤੀ ਨੇ ਹਮਲਾ ਨਹੀਂ ਕੀਤਾ: ਡੇਰਾ ਮੁਖੀ

ਡੇਰਾ ਮੁਖੀ ਕਰਨੈਲ ਸਿੰਘ ਨੇ ਕਿਹਾ ਕਿ ਪਰਮਜੀਤ ਸਿੰਘ ਵੱਲੋਂ ਲਾਏ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਜ਼ਮੀਨ ਮਾਲਕ ਪਰਮਜੀਤ ਸਿੰਘ ਡੇਰੇ ਦੀ ਕੰਧ 'ਚ ਪਾਣੀ ਸੁੱਟ ਰਿਹਾ ਸੀ। ਜਦੋਂ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਨੇ ਕਹੀ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਬਚਾਅ 'ਚ ਕਹੀ ਉਸ ਦੇ ਹੀ ਲੱਗੀ। ਡੇਰੇ ਦੇ ਕਿਸੇ ਵਿਅਕਤੀ ਵੱਲੋਂ ਉਸ 'ਤੇ ਹਮਲਾ ਨਹੀਂ ਕੀਤਾ ਗਿਆ।

====

ਮਾਮਲੇ 'ਚ ਕੋਈ ਸੱਚਾਈ ਨਹੀਂ : ਸੇਵਾਦਾਰ

ਡੇਰੇ ਦੇ ਸੇਵਾਦਾਰ ਮਨਪ੍ਰਰੀਤ ਸਿੰਘ ਨੇ ਕਿਹਾ ਕਿ ਕੁੱਟਮਾਰ ਦੀ ਘਟਨਾ 'ਚ ਕੋਈ ਵੀ ਸੱਚਾਈ ਨਹੀਂ ਹੈ, ਇਸ ਨਾਲ ਡੇਰੇ ਦਾ ਕੋਈ ਸਬੰਧ ਨਹੀਂ ਹੈ। ਉਹ ਤਾਂ ਸਾਬਕਾ ਫੌਜ਼ੀ ਨੂੰ ਸਮਝਾਉਣ ਗਏ ਸਨ ਕਿ ਮਾਮਲਾ ਪੁਲਿਸ ਦੇ ਕੋਲ ਹੈ, ਉਹ ਜ਼ਮੀਨ 'ਤੇ ਕੋਈ ਕੰਮ ਨਾ ਕਰਨ, ਜਿਸ 'ਤੇ ਸਾਬਕਾ ਫ਼ੌਜੀ ਨੇ ਕਹੀ ਨਾਲ ਹਮਲਾ ਕਰਨਾ ਚਾਹਿਆ, ਉਹ ਤਾਂ ਕਹੀ ਨੂੰ ਸਾਬਕਾ ਫ਼ੌਜੀ ਤੋਂ ਖੋਹ ਰਹੇ ਸਨ। ਕੁੱਟਮਾਰ ਦੀ ਘਟਨਾ 'ਚ ਕੋਈ ਵੀ ਸੱਚਾਈ ਨਹੀਂ ਹੈ, ਡੇਰੇ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ।

===

ਜੋ ਮੁਲਜ਼ਮ ਹੋਵੇਗਾ ਤਾਂ ਕਰਾਂਗੇ ਕਾਰਵਾਈ : ਐੱਸਐੱਚਓ

ਥਾਣਾ ਮਲੌਦ ਦੇ ਐੱਸਐੱਚਓ ਕਰਨੈਲ ਸਿੰਘ ਨੇ ਕਿਹਾ ਕਿ ਸਾਬਕਾ ਫ਼ੌਜੀ ਪਰਮਜੀਤ ਸਿੰਘ ਤੇ ਡੇਰੇ ਦੇ ਬਾਬੇ ਦਾ ਵਿਵਾਦ ਚੱਲ ਰਿਹਾ ਹੈ। ਦੋਵੇਂ ਧਿਰਾਂ 'ਚ ਜ਼ਮੀਨ ਨੂੰ ਪਾਣੀ ਲਗਾਉਣ ਸਬੰਧੀ ਵਿਵਾਦ ਹੋਇਆ ਸੀ। ਜ਼ਖ਼ਮੀ ਸਾਬਕਾ ਫ਼ੌਜੀ ਦੇ ਬਿਆਨ ਚੰਡੀਗੜ੍ਹ ਦੇ ਪੀਜੀਆਈ ਤੋਂ ਹਾਸਲ ਕਰ ਲਏ ਗਏ ਹਨ, ਜੋ ਵੀ ਮੁਲਜ਼ਮ ਹੋਵੇਗਾ, ਉਸ 'ਤੇ ਕਾਰਵਾਈ ਕੀਤੀ ਜਾਵੇਗੀ।