ਕੁਲਵਿੰਦਰ ਸਿੰਘ ਰਾਏ, ਖੰਨਾ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਪਿੰਡ ਇਕੋਲਾਹਾ ਨੇੜੇ ਇਕ ਫੈਕਟਰੀ 'ਚ ਛਾਪਾਮਾਰੀ ਕੀਤੀ ਗਈ। ਫੈਕਟਰੀ ਵੱਲੋਂ ਪ੍ਰਦੂਸ਼ਣ ਫੈਲਾਉਣ ਦੀ ਸ਼ਿਕਾਇਤ ਤੋਂ ਬਾਅਦ ਕੰਟਰੋਲ ਬੁੋਰਡ ਹਰਕਤ 'ਚ ਆਇਆ ਸੀ। ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਪਿੰਡ ਰੋਹਣੋਂ ਨੇ ਦੱਸਿਆ ਕਿ ਸਵੇਰੇ ਦੇ ਸਮੇਂ ਉਹ ਪਿੰਡ ਨਰਾਇਣਗੜ੍ਹ ਤੋਂ ਇਕੋਲਾਹੇ ਵੱਲ ਜਾ ਰਿਹਾ ਸੀ ਤਾਂ ਇਸ ਫੈਕਟਰੀ 'ਚ ਬੇਹੱਦ ਕੌੜਾ ਧੂੰਆਂ ਨਿਕਲ ਰਿਹਾ ਸੀ।

ਇੰਝ ਜਾਪ ਰਿਹਾ ਸੀ ਕਿ ਜਿਵੇਂ ਫੈਕਟਰੀ ਨੂੰ ਅੱਗ ਲੱਗ ਗਈ ਹੋਵੇ। ਸੜਕ ਤੋਂ ਲੰਘਣ ਵਾਲੇ ਲੋਕਾਂ ਨੂੰ ਸਾਹ ਲੈਣ 'ਚ ਕਾਫ਼ੀ ਦਿੱਕਤ ਆ ਰਹੀ ਸੀ। ਉਨਾਂ੍ਹ ਨੇ ਇਸ ਦੀ ਸੂਚਨਾ ਮਾਲਕਾਂ ਨੂੰ ਦੇਣੀ ਚਾਹੀ ਤਾਂ ਫੈਕਟਰੀ ਦੇ ਆਲੇ-ਦੁਆਲੇ ਕੋਈ ਵੀ ਫੈਕਟਰੀ ਮਾਲਕ ਦਾ ਬੋਰਡ ਜਾਂ ਨੰਬਰ ਨਹੀਂ ਲਿਖਿਆ ਹੋਇਆ ਸੀ। ਜਿਸ ਕਰਕੇ ਕੁਝ ਲੋਕਾਂ ਨੇ ਫੈਕਟਰੀ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਹੈ, ਤਾਂ ਜੋ ਕਿਸੇ ਭਿਆਨਕ ਹਾਦਸੇ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਪਰ ਬਾਅਦ 'ਚ ਪਤਾ ਲੱਗਾ ਕਿ ਫੈਕਟਰੀ ਦੇ ਅੰਦਰ ਅੱਗ ਬਗ਼ੈਰਾ ਨਹੀਂ ਲੱਗੀ, ਸਗੋਂ ਕੁਝ ਸਾੜਿਆ ਜਾ ਰਿਹਾ। ਉਨਾਂ੍ਹ ਮੰਗ ਕੀਤੀ ਕਿ ਜੇਕਰ ਕੁਝ ਗ਼ਲਤ ਕੀਤਾ ਜਾ ਰਿਹਾ ਤਾਂ ਅਜਿਹੇ ਫੈਕਟਰੀਆਂ ਵਾਲਿਆਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਮਹਿਕਮੇ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਐੱਸਡੀਐੱਮ ਖੰਨਾ ਹਰਬੰਸ ਸਿੰਘ ਵੱਲੋਂ ਵਿਭਾਗ ਦੇ ਐੱਸਡੀਓ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਸਨ। ਐੱਸਡੀਐੱਮ ਹਰਬੰਸ ਸਿੰਘ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਫੈਕਟਰੀ ਦੀ ਜਾਂਚ ਕਰਨ ਲਈ ਆਖਿਆ ਗਿਆ ਸੀ, ਜਿਸ ਦੀ ਰਿਪੋਰਟ ਜਲਦ ਦੇਣ ਲਈ ਕਿਹਾ ਗਿਆ ਹੈ, ਜੇਕਰ ਫੈਕਟਰੀ 'ਚ ਕੁਝ ਗ਼ਲਤ ਪਾਇਆ ਗਿਆ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੁਲਦੀਪ ਸਿੰਘ, ਜਰਨੈਲ ਸਿੰਘ, ਤੇਜਿੰਦਰ ਸਿੰਘ ਤੇ ਮਨਦੀਪ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਅਕਸਰ ਰਬੜ ਸਾੜਨ ਕਾਰਨ ਆਉਂਦੀ ਬਦਬੂਦਾਰ ਨਾਲ ਸਾਹ ਲੈਣ 'ਚ ਸਮੱਸਿਆ ਆਉਂਦੀ ਰਹਿੰਦੀ ਹੈ ਪਰ ਵਿਭਾਗ ਦਾ ਕੋਈ ਅਧਿਕਾਰੀ ਆਪਣੇ ਆਪ ਜਾਂਚ ਕਰਨ ਨਹੀਂ ਆਉਂਦਾ।