ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਟ੍ਰੈਫਿਕ ਪੁਲਿਸ ’ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਦਾ ਦੋਸ਼ ਲਗਾਇਆ

-ਹੱਢਬੀਤੀ ਦੱਸਦਿਆਂ ਸਭਾ ਦੇ ਆਗੂ ਜ਼ੀਰਖ ਨੇ ਉੱਚ ਅਧਿਕਾਰੀਆਂ ਨੂੰ ਪੜਤਾਲ ਕਰਨ ਦੀ ਕੀਤੀ ਅਪੀਲ
---
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਤਰਕਸ਼ੀਲ ਸੁਸਾਇਟੀ ਦੇ ਆਗੂ ਜਸਵੰਤ ਜ਼ੀਰਖ ਨੇ ਟ੍ਰੈਫ਼ਿਕ ਪੁਲਿਸ ’ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਦਾ ਦੋਸ਼ ਲਗਾਇਆ ਹੈ। ਜੀਰਖ਼ ਅਨੁਸਾਰ ਲੁਧਿਆਣਾ ‘ਚ ਟ੍ਰੈਫਿਕ ਪੁਲਿਸ ਦੀ ਕਾਰਗੁਜਾਰੀ ਵੇਖਦਿਆਂ ਸਪੱਸ਼ਟ ਹੋਇਆ ਕਿ ਕਿਵੇਂ ਸੜਕਾਂ ‘ਤੇ ਟ੍ਰੈਫਿਕ ਕੰਟਰੋਲ ਪੁਲਿਸ ਨੇ ਓਵਰ ਸਪੀਡ ਦੇ ਚਲਾਣ ਤੋਂ ਬਚਣ ਲਈ ਆਪਣੇ ਹੀ ਕਾਇਦੇ ਕਾਨੂੰਨ ਬਣਾਏ ਹੋਏ ਹਨ।
ਜੀਰਖ਼ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਸਮੇਂ ਮੁੱਲਾਪੁਰ ਤੋਂ ਲੁਧਿਆਣਾ ਨੂੰ ਕਾਰ ‘ਤੇ ਆ ਰਿਹਾ ਸੀ। ਲੁਧਿਆਣੇ ਇਸ ਰੋੜ ‘ਤੇ ਬਣੇ ਪੁਲ ਉੱਪਰ ਚੜ੍ਹਦਿਆਂ ਥੋੜਾ ਅੱਗੇ ਟ੍ਰੈਫਿਕ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ। ਜਦੋਂ ਮੈਂ ਉਹ ਨਾਕਾ ਕਰੌਸ ਕਰਨ ਵਾਲਾ ਸੀ ਤਾਂ ਇੱਕ ਸਿਪਾਹੀ ਨੇ ਰੁਕਣ ਲਈ ਹੱਥ ਦਾ ਇਛਾਰਾ ਕੀਤਾ। ਮੈਂ ਰੁਕ ਗਿਆ ਤੇ ਸ਼ੀਸ਼ਾ ਹੇਠਾਂ ਕਰਕੇ ਉਸ ਤੋਂ ਰੋਕਣ ਦੇ ਕਾਰਣ ਬਾਰੇ ਪੁੱਛਿਆ ਤਾਂ ਉਸ ਕਿਹਾ ਕਿ ਆਪਣਾ ਡ੍ਰਾਈਵਿੰਗ ਲਾਈਸੈਂਸ ਦੇਵੋ। ਮੈ ਪੁੱਛਿਆ ਕਿ ਕੀ ਗੱਲ ਹੋ ਗਈ ਤਾਂ ਉਸ ਕਿਹਾ ਕਿ ਤੁਹਾਡੀ ਗੱਡੀ ਓਵਰ ਸਪੀਡ 75 ਕਿਲੋ ਮੀਟਰ ’ਤੇ ਆ ਰਹੀ ਹੈ, ਇੱਥੇ 60 ਤੋਂ ਵੱਧ ਸਪੀਡ ਦੀ ਮਨਾਹੀ ਹੈ। ਮੈਂ ਕਿਹਾ ਕਿ ਮੈਂ ਤਾਂ ਸਪੀਡ ਕੰਟਰੋਲ ਵਿੱਚ ਹੀ ਰੱਖਦਾ ਹਾਂ, ਹੋ ਸਕਦਾ ਸੜਕ ਖਾਲੀ ਹੋਣ ਕਾਰਣ ਕੁੱਝ ਵੱਧ ਹੋ ਗਈ ਹੋਵੇ। ਮੈਂ ਲਾਈਸੈਂਸ ਉਸ ਨੂੰ ਫੜਾਉਂਦਿਆਂ ਪੁੱਛਆ ਕਿ ਕਿੰਨੇ ਪੈਸਿਆਂ ਦਾ ਇਹ ਚਲਾਨ ਹੈ। ਤਾਂ ਉਸ ਨੇ 2000 ਰੁਪਏ ਕਹਿੰਦਆਂ ਕਿਹਾ ਕਿ ਤੁਹਾਡਾ ਲਾਈਸੈਂਸ ਤਿੰਨ ਮਹੀਨੇ ਬਾਅਦ ਮਿਲ ਜਾਏਗਾ, ਉਹ ਆਪਣੇ ਹੱਥ ਵਿੱਚ ਫੜੀ ਸਲਿੱਪ ਮਸ਼ੀਨ ਮੇਰੇ ਅੱਗੇ ਕਰਕੇ ਕਹਿਣ ਲੱਗਾ ਕਿ ਜੇ 2000 ਰੁਪਏ ਹੁਣੇ ਦੇਵੋਗੇ, ਤਾਂ ਡ੍ਰਾਇਵਿੰਗ ਸਾਈਸੈਂਸ ਹੁਣੇ ਲੈ ਜਾਣਾ। ਮੈਂ 2000 ਰੁਪਏ ਆਪਣੇ ਪਰਸ ਵਿੱਚੋਂ ਕੱਢ ਉਸ ਨੂੰ ਫੜਾਉਂਦਿਆਂ ਕਿਹਾ ਕਿ ਲੈ ਕੱਟੋ ਚਲਾਨ। ਉਸ ਨੇ ਥੋੜਾ ਸੋਚਦਿਆਂ 500 ਮੈਨੂੰ ਵਾਪਸ ਕਰਦਿਆਂ ਕਿਹਾ ਕਿ 5 ਮਿੰਟ ਬਾਅਦ ਤੁਹਾਨੂੰ ਮੋਬਾਇਲ ਰਾਹੀਂ ਰਸੀਦ ਮਿਲ ਜਾਵੇਗੀ। ਮੈਂ ਪੁੱਛਿਆ ਕਿ ਇਹ 500 ਵਾਪਸ ਕਿਉਂ ਕਰ ਰਹੇ ਹੋ, ਤਾਂ ਮੁਲਾਜ਼ਮ ਕਹਿੰਦਾ ਕੋਈ ਗੱਲ ਨਹੀਂ ਜੀ ਤੁਸੀਂ ਸੀਨੀਅਰ ਸਿਟੀਜ਼ਨ ਹੋ ਖਾ ਪੀ ਲੈਣਾ। ਮੈਂ ਸਮਝ ਗਿਆ ਕਿ ਇਹ ਬਾਕੀ 1500 ਹੜੱਪਣਾ ਚਾਹੁੰਦਾ ਹੈ , ਜਿਸ ਬਦਲੇ ਚਲਾਨ ਨਹੀਂ ਕੱਟੇਗਾ। ਉਹ 1500 ਬਟੋਰਕੇ ਆਪਣੀ ਕਾਰ ਕੋਲ ਜਾ ਖੜ੍ਹਾ ਹੋਇਆ।
ਜ਼ੀਰਖ਼ ਨੇ ਕਿਹਾ ਕਿ ਮੈਂ ਵੀ ਕਾਰ ’ਚੋਂ ਉੱਤਰ ਕੇ ਉਸ ਕੋਲ ਚਲਾ ਗਿਆ ਅਤੇ ਕਿਹਾ ਕਿ ਤੁਸੀਂ ਕਿਹਾ ਕਿ ਰਸੀਦ 5 ਮਿੰਟ ਬਾਅਦ ਮਿਲੇਗੀ, ਮੈਂ ਚਲਾਨ ਦੀ ਰਸੀਦ ਹੁਣੇ ਹੀ ਲੈ ਕੇ ਜਾਵਾਂਗਾ। ਉਸ ਨੇ ਸਕੈਨਿੰਗ ਮਸ਼ੀਨ ਬੰਦ ਹੋ ਜਾਣ ਦਾ ਬਹਾਨਾ ਲਾ ਕੇ ਕਿਹਾ ਤੁਸੀਂ 1000 ਦੇ ਦੇਵੋਂ ਰਸੀਦ ਤੁਹਾਨੂੰ ਮੋਬਾਇਲ ‘ਤੇ ਪਹੁੰਚ ਜਾਵੇਗੀ। ਜਦੋਂ ਮੈਂ ਕਿਹਾ ਕਿ ਮੈਂ ਜਦੋਂ 2000 ਨਗਦ ਦੇ ਰਿਹਾ ਹਾਂ, ਤਾਂ ਰਸੀਦ ਦੇਣ ਵਿੱਚ ਕੀ ਦਿੱਕਤ ਹੈ। ਤਾਂ ਉਸ ਆਪਣੀ ਮਸ਼ੀਨ ਉੱਪਰ ਕੁੱਝ ਭਰਕੇ ਮੈਨੂੰ ਕਹਿਣ ਲੱਗਾ ਕਿ ਸਕੈਨਰ ਰਾਹੀਂ ਪੇਮੈਂਟ ਕਰ ਦਿਓ, ਮੈ ਕਿਹਾ ਕਿ ਮੈਂ ਤਾਂ ਇਸ ਤਰ੍ਹਾਂ ਮੋਬਾਇਲ ਰਾਹੀਂ ਕਦੀ ਕੋਈ ਪੇਮੈਂਟ ਨਹੀਂ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਤਾਂ ਇਸੇ ਤਰ੍ਹਾਂ ਕਰਨੀ ਪਏਗੀ। ਮੇਰੇ ਵੱਲੋਂ ਅਜਿਹਾ ਕਰਨ ਤੋਂ ਬਾਅਦ ਉਸ ਨੇ 1500 ਰੁਪਏ ਵਾਪਸ ਕਰਕੇ ਕਿਹਾ ਕਿ ਚਲਾਨ ਦੀ ਰਸੀਦ ਤੁਹਾਡੇ ਮੋਬਾਇਲ ‘ਤੇ 15 ਮਿੰਟਾਂ ਵਿੱਚ ਪਹੁੰਚ ਜਾਵੇਗੀ। ਚਲਾਨ ਭਾਵੇਂ ਮੇਰੇ ਉੱਥੋਂ ਜਾਣ ਉਪਰੰਤ ਮੇਰੇ ਮੋਬਾਇਲ ਰਾਹੀਂ ਪਹੁੰਚ ਗਿਆ, ਪਰ ਇਸ ਰਾਹੀਂ ਟ੍ਰੈਫਿਕ ਪੁਲਸ ਦੀ ਭ੍ਰਿਸ਼ਟ ਕਾਰਗੁਜ਼ਾਰੀ ਦਾ ਢੰਗ ਸਾਹਮਣੇ ਆਇਆ ਹੈ।
ਜ਼ੀਰਖ਼ ਨੇ ਕਿਹਾ ਕਿ ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਟ੍ਰੈਫਿਕ ਪੁਲਿਸ ਕਿਵੇਂ 2000 ਦੇ ਚਲਾਨ ਦਾ ਭੁਗਤਾਨ 1000 ਵਿੱਚ ਨਿਪਟਾ ਕੇ ਆਪਣੀਆਂ ਜੇਬ੍ਹਾਂ ਭਰਕੇ ਸਰਕਾਰੀ ਖਜਾਨੇ ਨੂੰ ਚੂਨਾ ਲਗਾ ਰਹੀ ਹੈ। ਉਹਨਾਂ ਉੱਚ ਅਧਿਕਾਰੀਆਂ ਤੋਂ ਇਹਨਾਂ ਚੋਰ ਮੋਰੀਆਂ ਰਾਹੀ ਨਿੱਜੀ ਜੇਬ੍ਹਾ ਭਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਅਤੇ ਅਜਿਹੇ ਭ੍ਰਿਸ਼ਟ ਢੰਗ ਖਤਮ ਕਰਨ ਦੀ ਮੰਗ ਕੀਤੀ ਹੈ।