ਅਸ਼ਵਨੀ, ਗੁਰਦਾਸਪੁਰ : ਕੁੱਲ ਹਿੰਦ ਕਿਸਾਨ ਸਭਾ ਦੀ ਮੀਟਿੰਗ ਜਨਰਲ ਸੱਕਤਰ ਸਾਥੀ ਕਸ਼ਮੀਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਸੁਬਾ ਕਾਰਜਕਾਰਨੀ ਦੇ ਮੈਂਬਰ ਸਾਥੀ ਲਖਵਿੰਦਰ ਸਿੰਘ ਮਰੜ ਉਚੇਚੇ ਤੋਰ ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਵਿਚਾਰ ਚਰਚਾ ਕਰਦਿਆਂ ਸਾਥੀ ਕਸ਼ਮੀਰ ਸਿੰਘ ਅਤੇ ਸਾਥੀ ਲਖਵਿੰਦਰ ਸਿੰਘ ਮਰੜ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਕਿਸਾਨਾ ਦੀਆ ਮੰਗਾ ਵੱਲ ਧਿਆਨ ਦੇ ਕੇ ਲਟਕਦੀਆਂ ਮੰਗਾ ਦੇ ਹੱਲ ਲਈ ਤਰੁੰਤ ਠੋਸ ਕਦਮ ਚੁੱਕੇ ਜਾਣ। ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋ ਇਨ੍ਹਾਂ ਮੰਗਾ ਦੇ ਸੰਬੰਧ ਵਿੱਚ ਦੇਸ਼ ਦੀ ਰਾਸ਼ਟਰਪਤੀ ਦੇ ਨਾਂ ਉੱਤੇ ਮੰਗ ਪੱਤਰ ਪਾਰਲੀਮੈਂਟ ਮੈਂਬਰ ਸਾਹਿਬਾਨ ਨੂੰ ਦੇਣ ਲਈ ਸਭਾ ਦੇ ਸਾਰੇ ਮੈਂਬਰ 11 ਦਸੰਬਰ ਨੂੰ ਠੀਕ 11 ਵਜੇ ਸੁੱਕਾ ਤਲਾਅ ਵਿੱਚ ਪੁਹੰਚਣ। ਮੀਟਿੰਗ ਦੋਰਾਨ ਆਗੂਆਂ ਨੇ ਸਰਕਾਰ ਤੋਂ ਪੁਰ-ਜ਼ੋਰ ਮੰਗ ਕੀਤੀ ਕਿ ਸਵਾਮੀਨਾਥਨ ਕਮਿਸ਼ਨ ਦੀਆ ਸਿਫ਼ਾਰਸ਼ਾਂ ਅਨੁਸਾਰ ਸਾਰੀਆਂ ਫਸਲਾ ਲਈ ਐਮਐਸਪੀ ਦੀ ਗਰੰਟੀ ਦੇਣ ਲਈ ਕਾਨੂੰਨ ਬਣਾਇਆ ਜਾਵੇ, ਕਿਸਾਨਾ ਦੇ ਹਰ ਤਰ੍ਹਾਂ ਦੇ ਕਰਜ਼ਿਆਂ ਉੱਤੇ ਲੀਕ ਮਾਰੀ ਜਾਵੇ, ਬਿਜਲੀ ਸੋਧ ਬਿੱਲ 2022 ਨੂੰ ਵਾਪਿਸ ਲਿਆ ਜਾਵੇ, ਲਖੀਮਪੁਰ ਖੀਰੀ ਦੀ ਘਟਨਾ ਦੇ ਮੁੱਖ ਸਾਜਿਸ਼ਕਰਤਾ ਕੇਂਦਰੀ ਮੰਤਰੀ ਗ੍ਰਹਿ ਰਾਜ ਮੰਤਰੀ ਨੂੰ ਮੰਤਰੀ ਮੰਡਲ ਵਿਚੋ ਬਰਖਾਸਤ ਕੀਤਾ ਜਾਵੇ ਤੇ ਉਸ ਦੇ ਵਿਰੁੱਧ ਕੇਸ ਦਰਜ ਕੀਤਾ ਜਾਵੇ, ਘਟਨਾ ਦੇ ਸੰਬੰਧ ਵਿੱਚ ਫੜੇ ਗਏ ਬੇਕਸੂਰ ਕਿਸਾਨਾ ਨੂੰ ਤਰੁੰਤ ਰਿਹਾ ਕੀਤਾ ਜਾਵੇ, ਸਰਕਾਰ ਇਸ ਘਟਨਾ ਵਿੱਚ ਜ਼ਖਮੀ ਹੋਏ ਕਿਸਾਨਾ ਨੂੰ ਮੁਆਵਜ਼ਾ ਦੇਣ ਦਾ ਵਾਅਦਾ ਪੁਰਾ ਕਰੇ, ਸੋਕੇ, ਹੜ ਤੇ ਬਿਮਾਰੀਆਂ ਆਦਿ ਕਾਰਨ ਫਸਲ ਦੇ ਨੁਕਸਾਨ ਲਈ ਸਰਕਾਰ ਬੀਮਾ ਯੋਜਨਾ ਲਾਗੂ ਕੀਤੀ ਜਾਵੇ, ਪੁਰੇ ਦੇਸ਼ ਅੰਦਰ ਕਿਸਾਨੀ ਸੰਘਰਸ਼ਾਂ ਦੋਰਾਨ ਕਿਸਾਨ ਆਗੂਆਂ ਉੱਤੇ ਦਰਜ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ। ਕਿਸਾਨ ਆਗੂਆਂ ਨੇ ਮੀਟਿੰਗ ਦੋਰਾਨ ਚਿਤਾਵਨੀ ਦਿੰਦੇ ਹੋਏ ਸਰਕਾਰ ਨੂੰ ਕਿਹਾ ਕਿ ਜੇ ਉਹ ਹਾਲੇ ਵੀ ਟਾਲ ਮਟੋਲ ਦੀ ਨੀਤੀ ਉੱਤੇ ਚੱਲਦੀ ਰਹੀ ਤਾਂ ਕਿਸਾਨਾ ਕੋਲ ਸੰਘਰਸ਼ ਨੂੰ ਤੇਜ਼ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ। ਇਸ ਮੀਟਿੰਗ ਵਿੱਚ ਹੋਰਣਾਂ ਤੋਂ ਇਲਾਵਾ ਰੂਪ ਸਿੰਘ ਪੱਡਾ, ਮਾਇਆਧਾਰੀ ਸ਼ਰਮਾ, ਵੀਰ ਸਿੰਘ, ਫ਼ਤਿਹ ਚੰਦ, ਪ੍ਰੋਫੈਸਰ ਗੁਰਦਿਆਲ ਸਿੰਘ ਤੇ ਮੁਰਾਰੀ ਲਾਲ ਸ਼ਰਮਾ ਆਦਿ ਹਾਜ਼ਰ ਸਨ।

Posted By: Sarabjeet Kaur