ਕੁਲਵਿੰਦਰ ਸਿੰਘ ਰਾਏ, ਖੰਨਾ

ਥਾਣਾ ਸਦਰ ਖੰਨਾ 'ਚ ਪਿਤਾ-ਪੁੱਤਰ ਸਮੇਤ ਤਿੰਨ ਜਣਿਆਂ ਨੂੰ ਨੰਗਾ ਕਰਕੇ ਵੀਡੀਓ ਬਣਾਉਣ ਤੇ ਉਸਨੂੰ ਵਾਇਰਲ ਕਰਨ ਦੇ ਮਾਮਲੇ ਦੇ ਪੀੜਤਾਂ ਨੇ ਹੁਣ ਸੁਰੱਖਿਆ ਦੀ ਮੰਗ ਕੀਤੀ ਹੈ। ਪੀੜਤ ਜਗਪਾਲ ਸਿੰਘ ਯੋਗੀ, ਉਸਦੇ ਪੁੱਤਰ ਗੁਰਵੀਰ ਸਿੰਘ ਤੇ ਜਸਵੰਤ ਸਿੰਘ ਨੇ ਖੰਨਾ ਪੁਲਿਸ ਨੂੰ ਭੇਜੇ ਪੱਤਰ 'ਚ 22 ਮਈ ਦੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਆਦੇਸ਼ ਦਾ ਹਵਾਲਾ ਦਿੱਤਾ ਹੈ। ਆਪਣੇ ਪੱਤਰ 'ਚ ਪੀੜਤਾਂ ਨੇ ਲਿਖਿਆ ਹੈ ਕਿ ਹਾਈਕੋਰਟ ਵੱਲੋਂ ਮਾਮਲੇ ਦੇ ਆਦੇਸ਼ 'ਚ ਉਨ੍ਹਾਂ ਦੀ ਸੁਰੱਖਿਆ ਕਰਨ ਦੇ ਆਦੇਸ਼ ਦਿੱਤੇ ਹਨ, ਇਸ ਕਰਕੇ ਇਹ ਆਦੇਸ਼ ਦੇ ਮੱਦੇਨਜਰ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇ।

ਪੁਲਿਸ ਵੱਲੋਂ ਧਮਕੀਆਂ, ਡੀਜੀਪੀ ਨੂੰ ਸ਼ਿਕਾਇਤ

ਪੀੜਤ ਜਗਪਾਲ ਸਿੰਘ ਯੋਗੀ ਨੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਵੱਟਸਐੱਪ ਮੈਸੇਜ ਦੇ ਰਾਹੀਂ ਸ਼ਿਕਾਇਤ ਭੇਜੀ ਹੈ ਕਿ ਕੁੱਝ ਪੁਲਿਸ ਅਧਿਕਾਰੀਆਂ ਵੱਲੋਂ ਉਨ੍ਹਾਂ 'ਤੇ ਐੱਨਡੀਪੀਐੱਸ ਐਕਟ 'ਚ ਫਸਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਖ਼ਿਲਾਫ਼ ਅਜਿਹਾ ਕੋਈ ਕੇਸ ਦਰਜ ਕੀਤਾ ਜਾਂਦਾ ਹੈ ਤਾਂ ਉਸਦੀ ਪਹਿਲੇ ਪੱਧਰ 'ਤੇ ਹੀ ਜਾਂਚ ਨਸ਼ਿਆਂ ਦੇ ਖ਼ਿਲਾਫ਼ ਕਾਰਵਾਈ ਲਈ ਬਣਾਈ ਗਈ ਐੱਸਟੀਐੱਫ ਦੇ ਚੀਫ਼ ਏਡੀਜੀਪੀ ਹਰਪ੍ਰਰੀਤ ਸਿੰਘ ਸਿੱਧੂ ਤੋਂ ਕਰਵਾਈ ਜਾਵੇ।

ਜਾਂਚ ਲਈ ਅੱਜ ਖੰਨਾ ਆਵੇਗੀ ਐੱਸਆਈਟੀ

ਮਿਲੀ ਜਾਣਕਾਰੀ ਦੇ ਅਨੁਸਾਰ ਸਦਰ ਥਾਣਾ ਮਾਮਲੇ 'ਚ ਜਾਂਚ ਕਰ ਰਹੀ ਏਡੀਜੀਪੀ ਡਾ. ਨਰੇਸ਼ ਕੁਮਾਰ ਅਰੋੜਾ ਦੀ ਅਗਵਾਈ ਵਾਲੀ ਐੱਸਆਈਟੀ ਸ਼ਨਿਚਰਵਾਰ ਨੂੰ ਖੰਨਾ ਆ ਰਹੀ ਹੈ। ਐੱਸਆਈਟੀ ਇਸ ਦੌਰਾਨ ਐੱਸਐੱਚਓ ਬਲਜਿੰਦਰ ਸਿੰਘ ਤੇ ਪੀੜਤਾਂ ਦੇ ਬਿਆਨ ਵੀ ਦਰਜ ਕਰ ਸਕਦੀ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਦੀ ਸਵੇਰੇ ਐੱਸਆਈਟੀ ਦੇ ਚੇਅਰਮੈਨ ਏਡੀਜੀਪੀ ਡਾ. ਨਰੇਸ਼ ਕੁਮਾਰ ਅਰੋੜਾ ਦੋਵੇਂ ਮੈਂਬਰਾਂ ਆਈਜੀ ਲੁਧਿਆਣਾ ਰੇਂਜ ਜਸਕਰਨ ਸਿੰਘ ਤੇ ਐੱਸਐੱਸਪੀ ਜਗਰਾਓ ਵਿਵੇਕਸ਼ੀਲ ਸੋਨੀ ਦੇ ਨਾਲ ਬੈਠਕ ਕਰਨਗੇ। ਕੇਸ ਸਬੰਧੀ ਸਾਰਾ ਰਿਕਾਰਡ ਪਹਿਲਾਂ ਹੀ ਐੱਸਆਈਟੀ ਆਪਣੇ ਕਬਜ਼ੇ 'ਚ ਲੈ ਚੁੱਕੀ ਹੈ।