ਸੁਖਦੇਵ ਗਰਗ, ਜਗਰਾਓਂ : ਅਧਿਆਪਕ ਯੂਨੀਅਨ ਨੇ ਜ਼ਿਲ੍ਹਾ ਲੁਧਿਆਣਾ ਦੇ ਸਰਪਲੱਸ ਅਧਿਆਪਕਾ ਨੂੰ ਫ਼ਾਰਗ ਕਰਨ ਦੀ ਮੰਗ ਕੀਤੀ। ਯੂਨੀਅਨ ਆਗੂ ਇੰਦਰਜੀਤ ਸਿੰਘ ਸਿੱਧੂ, ਬਾਲ ਕ੍ਰਿਸ਼ਨ, ਅਸ਼ਵਨੀ ਕੁਮਾਰ ਤੇ ਸੁਖਦੇਵ ਸਿੰਘ ਹਠੂਰ ਨੇ ਦੱਸਿਆ ਕਿ ਡੀਈਓ ਲੁਧਿਆਣਾ ਬਾਹਰਲੇ ਜ਼ਿਲਿ੍ਹਆਂ ਦੇ ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਸਿੱਖਿਆ ਸਕੱਤਰ ਪੰਜਾਬ ਦੇ ਹੁਕਮ ਮੰਨਣ ਤੋਂ ਪਾਸਾ ਵੱਟ ਕੇ ਅਧਿਆਪਕਾਂ ਨੂੰ ਖੱਜਲ-ਖ਼ੁਆਰ ਕਰ ਰਿਹਾ ਹੈ।

ਉਨਾਂ੍ਹ ਦੱਸਿਆ ਕਿ ਬਾਹਰਲੇ ਜ਼ਿਲਿਆਂ ਦੇ ਕਈ ਅਧਿਆਪਕਾਂ ਦੀ ਬਦਲੀ ਲੁਧਿਆਣਾ ਦੇ ਸਕੂਲਾਂ 'ਚ ਹੋਈ ਸੀ ਤੇ ਆਪਣੇ ਕਰੀਬ ਦੋ ਸਾਲ ਪੂਰੇ ਹੋਣ 'ਤੇ ਉਨਾਂ੍ਹ ਨੂੰ ਆਪਣੇ ਜ਼ਿਲੇ੍ਹ ਦੇ ਸਕੂਲਾਂ 'ਚ ਕਈ ਗੇੜ ਦੀਆਂ ਬਦਲੀਆਂ ਕਰ ਕੇ ਭੇਜਿਆ ਗਿਆ ਸੀ। ਉਨਾਂ੍ਹ ਦੱਸਿਆ ਕਿ ਇਨਾਂ੍ਹ ਬਦਲੀਆਂ ਦੌਰਾਨ ਅਧਿਆਪਕਾਂ ਨੂੰ ਆਪਣੇ ਨਵੇਂ ਸਟੇਸ਼ਨਾਂ 'ਤੇ ਹਾਜ਼ਰ ਹੋਣ ਤੋਂ ਬਾਅਦ ਆਪਣੇ ਪੁਰਾਣੇ ਸਕੂਲਾਂ ਵਿਚ ਡੈਪੂਟੇਸ਼ਨ 'ਤੇ ਕੰਮ ਕਰਨ ਦਾ ਫ਼ਰਮਾਨ ਸੁਣਿਆ ਗਿਆ ਤੇ ਸਾਰੇ ਅਧਿਆਪਕ ਆਪਣੇ ਪੁਰਾਣੇ ਸਕੂਲਾਂ 'ਚ ਵਾਪਸ ਮੁੜ ਆਏ ਜਦ ਦੂਜੇ ਗੇੜ ਦੀਆਂ ਬਦਲੀਆਂ ਹੋਈਆਂ ਤਾਂ ਉਨਾਂ੍ਹ ਸਟੇਸ਼ਨਾਂ ਤੇ ਹੋਰ ਅਧਿਆਪਕ ਬਦਲੀਆਂ ਕਰਵਾ ਕੇ ਆ ਗਏ। ਇਸ ਕਾਰਨ ਪਹਿਲੇ ਗੇੜ ਦੀਆਂ ਬਦਲੀਆਂ ਰਾਹੀਂ ਡੈਪੂਟੇਸ਼ਨ 'ਤੇ ਕੰਮ ਕਰਦੇ ਅਧਿਆਪਕ ਸਰਪਲੱਸ ਹੋ ਗਏ।

ਉਨਾਂ੍ਹ ਦੱਸਿਆ ਕਿ ਅਧਿਆਪਕਾਂ ਦੇ ਇਸ ਭੰਬਲ-ਭੂਸੇ ਨੂੰ ਦੇਖਦੇ ਹੋਏ ਵਿਭਾਗ ਦੇ ਹੁਕਮਾਂ ਤਹਿਤ ਇਸ ਸਮੱਸਿਆ ਨੂੰ ਹੱਲ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹੁਕਮ ਜਾਰੀ ਕਰ ਦਿੱਤਾ ਜਿਸ 'ਤੇ ਸੂਬੇ ਦੇ ਕਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਅਧਿਆਪਕਾਂ ਨੂੰ ਪਹਿਲੇ ਗੇੜ ਦੀਆਂ ਬਦਲੀਆਂ ਤਹਿਤ ਫ਼ਾਰਗ ਕਰ ਕੇ ਬਲਾਕ ਸਿੱਖਿਆ ਅਫ਼ਸਰਾਂ ਨੂੰ ਲਿਖਤੀ ਹੁਕਮ ਭੇਜ ਕੇ ਅਧਿਆਪਕਾਂ ਨੂੰ ਆਪਣੇ ਜ਼ਿਲਿ੍ਹਆਂ 'ਚ ਹਾਜ਼ਰ ਹੋਣ ਲਈ ਆਖਿਆ ਗਿਆ ਪਰ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਇਸ ਹੁਕਮ ਨੂੰ ਅਜੇ ਤਕ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਅਧਿਆਪਕ ਨਿਰਾਸ਼ਾ ਦੇ ਆਲਮ 'ਚ ਹਨ। ਆਗੂਆਂ ਨੇ ਮੰਗ ਕੀਤੀ ਕਿ ਬਾਹਰਲੇ ਜ਼ਿਲਿ੍ਹਆਂ 'ਚ ਜਾਣ ਵਾਲੇ ਅਜਿਹੇ ਸਰਪਲੱਸ ਅਧਿਆਪਕਾਂ ਨੂੰ ਫ਼ਾਰਗ ਕਰਨ ਸਬੰਧੀ ਹੁਕਮ ਜਾਰੀ ਕੀਤੇ ਜਾਣ। ਇਸ ਮੌਕੇ ਉਪਕਾਰ ਸਿੰਘ, ਹਰਜਿੰਦਰ ਸਿੰਘ, ਹਰਵਿੰਦਰ ਸਿੰਘ ਭੁੱਲਰ, ਜਗਸੀਰ ਸਿੰਘ, ਸਿੰਕਦਰ ਸਿੰਘ, ਮਨਜਿੰਦਰ ਸਿੰਘ, ਜੀਵਨ ਸਿੰਘ ਵੀ ਹਾਜ਼ਰ ਸਨ।