ਜੇਐੱਨਐੱਨ, ਲੁਧਿਆਣਾ : ਸਿਵਲ ਹਸਪਤਾਲ ਸਥਿਤ ਮਦਰ ਐਂਡ ਚਾਈਲਡ ਹਸਪਤਾਲ ਵਿਚ ਸ਼ਨਿੱਚਰਵਾਰ ਨੂੰ ਸ਼ਰਮਨਾਕ ਘਟਨਾ ਵਾਪਰੀ ਹੈ। ਇੱਥੇ ਜਣੇਪੇ ਲਈ ਪੁੱਜੀ ਗਰਭਵਤੀ ਔਰਤ ਨੂੰ ਸਮੇਂ 'ਤੇ ਦਾਖ਼ਲ ਨਹੀਂ ਕੀਤਾ ਗਿਆ ਤੇ ਟਾਇਲਟ ਦੇ ਲਾਗੇ ਲੇਬਰ ਰੂਮ ਦੇ ਗੇਟ 'ਤੇ ਉਸ ਦੀ ਡਿਲੀਵਰੀ ਹੋਈ। ਫਰਸ਼ 'ਤੇ ਬੱਚਾ ਡਿੱਗਣ ਮਗਰੋਂ ਔਰਤ ਦੇ ਚੀਕਣ 'ਤੇ ਲੇਬਰ ਰੂਮ ਦਾ ਸਟਾਫ ਭੱਜ ਕੇ ਆਇਆ ਤੇ ਫੇਰ ਜੱਚਾ-ਬੱਚਾ ਨੂੰ ਸੰਭਾਲਿਆ।

ਅਚਾਨਕ ਫਰਸ਼ 'ਤੇ ਬੱਚੇ ਦੇ ਜਨਮ ਲੈਣ ਮਗਰੋਂ ਹਸਪਤਾਲ ਦੇ ਮੁਲਾਜ਼ਮਾਂ ਨੂੰ ਭਾਜੜ ਪੈ ਗਈ। ਔਰਤ ਦੇ ਪਤੀ ਨੇ ਦੱਸਿਆ ਕਿ ਲੇਬਰ ਰੂਮ ਦੇ ਸਟਾਫ ਦੀ ਲਾਪਰਵਾਹੀ ਕਾਰਨ ਇੰਝ ਹੋਇਆ ਹੈ। ਦੂਜੇ ਪਾਸੇ ਲੇਬਰ ਰੂਮ ਦੇ ਕਾਮਿਆਂ ਨੇ ਫਰਸ਼ 'ਤੇ ਔਰਤ ਦੇ ਜਣੇਪੇ ਦੀ ਗੱਲ ਤੋਂ ਇਨਕਾਰ ਕੀਤਾ ਹੈ। ਯਾਦ ਰਹੇ ਬੀਤੇ ਦਸਾਂ ਦਿਨਾਂ ਵਿਚ ਮਦਰ ਐਂਡ ਚਾਈਲਡ ਹਸਪਤਾਲ ਵਿਚ ਜਣੇਪੇ ਦੇ ਮਾਮਲੇ ਵਿਚ ਲਾਪਰਵਾਹੀ ਦਾ ਇਹ ਦੂਜਾ ਮਾਮਲਾ ਹੈ। ਪਹਿਲਾਂ 18 ਫਰਵਰੀ ਨੂੰ ਹਸਪਤਾਲ ਸਟਾਫ ਦੀ ਲਾਪਰਵਾਹੀ ਕਾਰਨ ਸਿਵਲ ਹਸਪਤਾਲ ਪਾਰਕ ਵਿਚ ਔਰਤ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਸੀ।

ਤੜਫ ਰਹੀ ਗਰਭਵਤੀ ਦੀ ਕਿਸੇ ਨਾ ਲਈ ਸਾਰ

ਛੋਟੀ ਢੰਡਾਰੀ ਵਾਸੀ ਐੱਸ ਯਾਦਵ ਨੇ ਦੱਸਿਆ ਕਿ ਸਵੇਰੇ 9 ਵਜੇ ਨੌਂ ਮਹੀਨਿਆਂ ਦੀ ਗਰਭਵਤੀ ਪਤਨੀ ਨੂੰ ਜਣੇਪੇ ਦੀਆਂ ਦਰਦਾਂ ਉੱਠੀਆਂ ਸਨ। ਸਾਢੇ 9 ਵਜੇ ਉਨ੍ਹਾਂ ਨੇ 108 ਐਂਬੂਲੈਂਸ ਮੰਗਵਾਈ। ਪੌਣੇ ਦਸ ਵਜੇ ਦੇ ਕਰੀਬ ਐਂਬੂਲੈਂਸ ਪੁੱਜੀ। ਦਸ ਵਜ ਕੇ 20 ਮਿੰਟ 'ਤੇ ਉਹ ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਪੁੱਜੇ। ਉਥੋਂ ਪੈਦਲ ਮਦਰ ਐਂਡ ਚਾਈਲਡ ਹਸਪਤਾਲ ਦੇ ਗਰਾਉਂਡ ਫਲੋਰ 'ਤੇ ਸਥਿਤ ਲੇਬਰ ਰੂਮ ਵਿਚ ਪੁੱਜੇ। ਹੁਣ ਜਦੋਂ ਉਹ ਲੇਬਰ ਰੂਮ ਵਿਚ ਪੁੱਜੇ ਤਾਂ ਅੰਦਰ ਗਰਭਵਤੀ ਔਰਤਾਂ ਦੀ ਭੀੜ ਸੀ। ਡਿਊਟੀ 'ਤੇ ਦੋ ਸਟਾਫ ਨਰਸਾਂ ਸਨ।

ਜਦੋਂ ਨਰਸਾਂ ਨੂੰ ਪਤਨੀ ਦੀ ਹਾਲਤ ਬਾਰੇ ਦੱਸਿਆ ਤਾਂ ਦੋਵੇਂ ਜਣੀਆਂ ਨੇ ਕਿਹਾ ਕਿ ਥੋੜ੍ਹੀ ਦੇਰ ਉਡੀਕ ਕਰੋ। ਯਾਦਵ ਨੇ ਦੱਸਿਆ ਕਿ ਉਹ ਉਥੇ ਖੜ੍ਹੇ ਰਹੇ ਪਰ ਇਸ ਦੌਰਾਨ ਉਸ ਦੀ ਪਤਨੀ ਨੂੰ ਨਾ ਤਾਂ ਲੇਬਰ ਰੂਮ ਵਿਚ ਦਾਖ਼ਲ ਕੀਤਾ ਤੇ ਨਾ ਹੀ ਸਹੂਲਤ ਦਿੱਤੀ। ਪਤਨੀ ਦਰਦ ਕਾਰਨ ਤੜਫ ਰਹੀ ਸੀ। ਇਸ ਮਗਰੋਂ ਪਤਨੀ ਲੇਬਰ ਰੂਮ ਦੇ ਪਖਾਨੇ ਵਿਚ ਗਈ। ਪਖਾਨੇ ਵਿੱਚੋਂ ਬਾਹਰ ਆਈ ਤਾਂ ਦਰਦ ਤੇਜ਼ ਹੋ ਗਈ। ਸਟਾਫ ਨੂੰ ਆਵਾਜ਼ ਮਾਰੀ ਪਰ ਕੋਈ ਨਹੀਂ ਆਇਆ। ਇਸ ਮਗਰੋਂ ਉਸ ਦਾ ਜਣੇਪਾ ਹੋਇਆ ਤਾਂ ਬੱਚਾ ਜ਼ਮੀਨ 'ਤੇ ਡਿੱਗ ਗਿਆ।

ਸਟਾਫ ਨਰਸਾਂ ਦਾ ਪ੍ਰਗਟਾਵਾ

ਇਸ ਬਾਰੇ ਨਰਸ ਦੱਸਦੀ ਹੈ ਕਿ ਸਵੇਰ ਵੇਲੇ ਉਹ ਦੋ ਜਣੀਆਂ ਡਿਊਟੀ 'ਤੇ ਸਨ। ਦੋਵਾਂ ਨੇ ਇਸ ਗੱਲੋਂ ਇਨਕਾਰ ਕੀਤਾ ਕਿ ਜਣੇਪਾ ਫਰਸ਼ 'ਤੇ ਹੋਇਆ ਹੈ। ਉਨ੍ਹਾਂ ਕਿਹਾ ਕਿ ਗਰਭਵਤੀ ਜਿਉਂ ਹੀ ਪੁੱਜੀ ਤਾਂ ਉਸ ਦੀ ਜਾਂਚ ਕੀਤੀ, ਦਾਖ਼ਲ ਕਰਨ ਲਈ ਤੁਰੰਤ ਫਾਈਲ ਬਣਾਈ, ਗਰਭਵਤੀ ਇਕੱਲੀ ਆਈ ਸੀ। ਦਾਖ਼ਲ ਕਰਨ ਤੋਂ ਕੁਝ ਸਮੇਂ ਬਾਅਦ ਟੈਸਟ ਕਰਵਾਏ, ਗਰਭਵਤੀ ਦੇ ਪਤੀ ਨੂੰ ਆਵਾਜ਼ ਮਾਰੀ ਸੀ। ਜਦੋਂ ਗਰਭਵਤੀ ਪਖਾਨੇ ਵਿੱਚੋਂ ਬਾਹਰ ਆਈ ਤਾਂ ਦਰਦਾਂ ਉੱਠੀਆਂ। ਇਸ ਮਗਰੋਂ ਸਟ੍ਰੈਚਰ 'ਤੇ ਲੰਮੀ ਪਾ ਕੇ ਲੇਬਰ ਰੂਮ ਵਿਚ ਲੈ ਕੇ ਗਈਆਂ ਤੇ ਉਥੇ ਬੱਚੇ ਦਾ ਜਨਮ ਹੋਇਆ।