ਕੁਲਵਿੰਦਰ ਸਿੰਘ ਰਾਏ, ਖੰਨਾ : ਖੰਨਾ ਦੇ ਲਲਹੇੜੀ ਚੌਂਕ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਾਦੀ ਵਰਦੀ 'ਚ ਦਿੱਲੀ ਪੁਲਿਸ ਦੇ ਤਿੰਨ ਜਵਾਨਾਂ ਵੱਲੋਂ ਹਵਾ 'ਚ ਏਕੇ 47 ਤੇ ਪਿਸਤੌਲ ਲਹਿਰਾਏ।

ਦੱਸਣਯੋਗ ਹੈ ਕਿ ਦਿੱਲੀ ਦੀ ਸਪੈਸ਼ਲ ਸੈੱਲ ਦੀ ਟੀਮ ਹਥਿਆਰਾਂ ਨਾਲ ਲੈੱਸ ਹੋ ਕੇ ਬਗੈਰ ਕਿਸੇ ਐੱਫਆਈਆਰ ਦੇ ਸਿਰਫ਼ ਇਕ ਸ਼ਿਕਾਇਤ ਦੇ ਸਹਾਰੇ ਖੰਨਾ ਪਹੁੰਚੀ। ਸ਼ਹਿਰ ਦੇ ਲਲਹੇੜੀ ਚੌਂਕ ਸਥਿਤ ਟੈਕਸੀ ਸਟੈਂਡ ਤੋਂ ਇਕ ਟੈਕਸੀ ਚਾਲਕ ਨੂੰ ਜ਼ਬਰਦਸਤੀ ਚੁੱਕਣ ਦੀ ਕੋਸ਼ਿਸ਼ ਕੀਤੀ। ਸਾਦੀ ਵਰਦੀ 'ਚ ਆਏ ਇਸ ਤਿੰਨ ਪੁਲਿਸ ਵਾਲਿਆਂ ਨਾਲ ਯੂਨੀਅਨ ਦੇ ਡਰਾਈਵਰ ਵੀ ਭਿੜ ਗਏ। ਨੌਬਤ ਇੱਥੇ ਤੱਕ ਆ ਗਈ ਕਿ ਆਪਣੇ ਬਚਾਅ ਲਈ ਦਿੱਲੀ ਪੁਲਿਸ ਨੂੰ ਏਕੇ 47 ਤੇ ਪਿਸਤੌਲ ਹਵਾ 'ਚ ਲਹਿਰਾਉਣੇ ਪਏ।

ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਮਾਮਲੇ ਨੂੰ ਲੈ ਕੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਡਰਾਈਵਰ ਹੰਸ ਰਾਜ ਉਰਫ਼ ਟੀਟਾ ਨੂੰ ਗਿ੍ਫ਼ਤਾਰ ਕਰਨ ਲਈ ਖੰਨਾ ਪਹੁੰਚੀ।

ਡਰਾਈਵਰਾਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਤੇ ਮਾਮਲਾ ਵਿਗੜ ਗਿਆ। ਇਸ ਦੌਰਾਨ ਪੁਲਿਸ ਨਾਲ ਡਰਾਈਵਰਾਂ ਦੀ ਮਾਮੂਲੀ ਭੇੜ ਵੀ ਹੋ ਗਈ। ਮੌਕੇ 'ਤੇ ਖੰਨਾ ਪੁਲਿਸ ਪਹੁੰਚੀ ਤੇ ਦੋਵਾਂ ਧਿਰਾਂ ਨੂੰ ਸਿਟੀ-1 ਥਾਣੇ ਬੁਲਾਇਆ ਗਿਆ। ਉੱਥੇ ਜਾ ਕੇ ਭੇਤ ਖੁੱਲ੍ਹਾ ਕਿ ਦਿੱਲੀ ਪੁਲਿਸ ਦੀ ਟੀਮ ਕੋਲ ਐੱਫਆਈਆਰ ਤਾਂ ਦੂਰ ਕੋਈ ਸੰਮਨ ਵੀ ਨਹੀਂ ਸਨ। ਕੇਵਲ ਇਕ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਏਨੇ ਵੱਡੇ ਆਪ੍ਰੇਸ਼ਨ ਨੂੰ ਦੂਜੇ ਸੂਬੇ 'ਚ ਆ ਕੇ ਅੰਜਾਮ ਦੇਣ ਲੱਗੀ ਸੀ।

ਦਿੱਲੀ ਪੁਲਿਸ ਦੀ ਟੀਮ ਦੀ ਅਗਵਾਈ ਸਬ ਇੰਸਪੈਕਟਰ ਤਰਲੋਚਨ ਸਿੰਘ ਕਰ ਰਹੇ ਸਨ। ਉਨ੍ਹਾਂ ਕੋਲ ਕਿਸੇ ਮੀਨਾ ਬਜਾਜ ਵੱਲੋਂ ਪੈਸਿਆਂ ਦੇ ਲੈਣ-ਦੇਣ ਦੀ ਸ਼ਿਕਾਇਤ ਦੀ ਕਾਪੀ ਸੀ। ਡਰਾਈਵਰ ਟੀਟਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਗਿ੍ਫ਼ਤਾਰ ਕਰ ਕੇ ਲਿਜਾਇਆ ਜਾ ਰਿਹਾ ਸੀ।

ਤਰਲੋਚਨ ਸਿੰਘ ਨੇ ਐੱਸਐੱਚਓ ਸਿਟੀ ਕੁਲਜਿੰਦਰ ਸਿੰਘ ਸਾਹਮਣੇ ਕਿਹਾ ਕਿ ਉਹ ਕੇਵਲ ਉਨ੍ਹਾਂ ਨੂੰ ਸੂਚਨਾ ਦੇਣ ਆਏ ਸਨ ਕਿ ਉਨ੍ਹਾਂ ਨੇ ਦੋ ਦਿਨ ਬਾਅਦ ਦਿੱਲੀ ਆ ਕੇ ਆਪਣਾ ਪੱਖ ਰੱਖਣਾ ਹੈ। ਆਖ਼ਰ ਖੰਨਾ ਪੁਲਿਸ ਨੇ ਦੋਵਾਂ ਧਿਰਾਂ ਦੀ ਗੱਲ ਨਿਬੇੜਦੇ ਹੋਏ ਇਹ ਤੈਅ ਕੀਤਾ ਕਿ ਦੋ ਦਿਨ ਬਾਅਦ ਟੀਟਾ ਦਿੱਲੀ ਜਾ ਕੇ ਇਸ ਸ਼ਿਕਾਇਤ ਸਬੰਧੀ ਆਪਣਾ ਪੱਖ ਰੱਖਣਗੇ।

ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਹਰਿਆਣੇ ਦੇ ਸਿਰਸਾ ਜ਼ਿਲ੍ਹੇ 'ਚ ਵੀ ਪੁਲਿਸ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਸਥਾਨਕ ਪੁਲਿਸ ਨੂੰ ਦੱਸੇ ਬਿਨਾਂ ਹੀ ਪੰਜਾਬ ਪੁਲਿਸ ਨਸ਼ਾ ਸਮੱਗਲਰਾਂ ਨੂੰ ਫੜਨ ਲਈ ਪਹੁੰਚ ਗਈ ਸੀ। ਇਸ ਦੌਰਾਨ ਪੁਲਿਸ ਦਾ ਪਿੰਡ ਵਾਲਿਆਂ ਨਾਲ ਟਕਰਾਅ ਹੋ ਗਿਆ ਸੀ।

ਪਿੰਡ ਦੇ ਲੋਕਾਂ ਨੇ ਪੁਲਿਸ ਵਾਲਿਆਂ ਨੂੰ ਘਸੀਟ-ਘਸੀਟ ਕੇ ਕੁੱਟਿਆ ਸੀ। ਇਸ ਦੌਰਾਨ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਪਿੰਡ ਵਾਲੀਆਂ ਦੇ ਹਮਲੇ 'ਚ ਛੇ ਪੁਲਿਸ ਵਾਲੇ ਵੀ ਜ਼ਖ਼ਮੀ ਹੋ ਗਏ ਸਨ। ਦਿੱਲੀ ਪੁਲਿਸ ਦੀ ਗ਼ਲਤੀ ਨਾਲ ਖੰਨਾ 'ਚ ਅਜਿਹਾ ਹੀ ਕੋਈ ਭਾਣਾ ਵਾਪਰ ਸਕਦਾ ਸੀ।

ਦਿੱਲੀ ਪੁਲਿਸ ਨੂੰ ਦਿੱਤੀ ਚਿਤਾਵਨੀ : ਐੱਸਐੱਚਓ

ਐੱਸਐੱਚਓ ਸਿਟੀ-1 ਕੁਲਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਭਵਿੱਖ 'ਚ ਅਜਿਹੀ ਹਰਕਤ ਦੁਬਾਰਾ ਨਾ ਕੀਤੀ ਜਾਵੇ। ਉਨ੍ਹਾਂ ਦੇ ਇਲਾਕੇ 'ਚ ਬਿਨਾਂ ਐੱਫਆਈਆਰ ਦੇ ਨਾ ਵੜਨਾ। ਜੇਕਰ ਐੱਫਆਈਆਰ ਹੈ ਵੀ ਤਾਂ ਉਨ੍ਹਾਂ ਨੂੰ ਨਾਲ ਲੈ ਕੇ ਛਾਪਾਮਾਰੀ ਕੀਤੀ ਜਾਵੇ।