ਸੁਸ਼ੀਲ ਕੁਮਾਰ ਸ਼ਸ਼ੀ ,ਲੁਧਿਆਣਾ : ਹੰਬੜਾਂ ਰੋਡ 'ਤੇ ਪੈਂਦੇ ਗੋਲਫ ਲਿੰਕ ਦੇ ਲਾਗੇ ਇੱਕ ਤੇਜ਼ ਰਫਤਾਰ ਇਨੋਵਾ ਕਾਰ ਦੀ ਕਥਿਤ ਤੌਰ 'ਤੇ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ । ਮ੍ਰਿਤਕ ਦੀ ਸ਼ਨਾਖਤ ਕਪਿਲ ਕਾਲੋਨੀ ਦੇ ਰਹਿਣ ਵਾਲੇ ਰਿਸ਼ੀ (24) ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਰਿਸ਼ੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ।

ਜਾਣਕਾਰੀ ਮੁਤਾਬਕ ਕਪਿਲ ਕਾਲੋਨੀ ਦਾ ਵਾਸੀ ਰਿਸ਼ੀ ਹੈਬੋਵਾਲ ਦੇ ਕੋਲ ਇੱਕ ਡੇਅਰੀ ਵਿੱਚ ਕੰਮ ਕਰਦਾ ਹੈ । ਸੋਮਵਾਰ ਸ਼ਾਮ ਨੂੰ ਰਿਸ਼ੀ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਹੰਬੜਾਂ ਰੋਡ ਵੱਲ ਜਾ ਰਿਹਾ ਸੀ ।ਇਸ ਦੌਰਾਨ ਜਦੋਂ ਉਹ ਗੋਲਫ ਲਿੰਕ ਦੇ ਕੋਲ ਪਹੁੰਚਿਆ ਤਾਂ ਇੱਕ ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਉਸ ਨੂੰ ਕਥਿਤ ਤੌਰ 'ਤੇ ਟੱਕਰ ਮਾਰ ਦਿੱਤੀ । ਹਾਦਸੇ ਤੋਂ ਬਾਅਦ ਮਹਿਲਾ ਕਾਰ ਚਾਲਕ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਈ । ਬੁਰੀ ਤਰ੍ਹਾਂ ਜ਼ਖਮੀ ਹੋਏ ਰਿਸ਼ੀ ਨੂੰ ਲਾਗੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਸੋਮਵਾਰ ਰਾਤ ਦਮ ਤੋੜ ਦਿੱਤਾ । ਇਸ ਮਾਮਲੇ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਕਾਰ ਚਾਲਕ ਮਹਿਲਾ ਮਨੀਸ਼ਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।

Posted By: Jagjit Singh