ਐੱਸਪੀ ਜੋਸ਼ੀ, ਲੁਧਿਆਣਾ : ਜੀਵਨ ਜਿਊਣ ਲਈ ਸਭ ਤੋਂ ਅਹਿਮ ਕੁਦਰਤੀ ਦੇਣ ਪਾਣੀ ਹਰ ਕਿਸਮ ਦੇ ਪ੍ਰਾਣੀਆਂ ਜੀਵ-ਜੰਤੂਆਂ ਅਤੇ ਬਨਸਪਤੀ ਲਈ ਮੁੱਢਲੀ ਲੋਡ਼ ਹੈ। ਪਾਣੀ ਤੋਂ ਬਿਨਾਂ ਧਰਤੀ ’ਤੇ ਜੀਵਨ ਬਾਰੇ ਕਲਪਨਾ ਕਰਨਾ ਵੀ ਸੰਭਵ ਨਹੀਂ ਹੈ। ਗੱਲ ਹੋਵੇ ਪੰਜਾਬ ਦੀ ਤਾਂ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੇ ਅੰਮ੍ਰਿਤ ਵਰਗੇ ਪਾਣੀ ਕਾਰਨ ਹੀ ਹਰੀ ਕ੍ਰਾਂਤੀ ਲਿਆ ਕੇ ਸਾਰੀ ਦੁਨੀਆ ਵਿਚ ਕਿਰਸਾਨੀ ਦੇ ਖੇਤਰ ਵਿਚ ਸ਼ਲਾਘਾਯੋਗ ਹੰਭਲਾ ਮਾਰਿਆ। +

ਸਮਾਂ ਬਦਲਿਆ ਤੇ ਖੇਤੀ ਪ੍ਰਧਾਨ ਸੂਬੇ ਦੇ ਪ੍ਰਮੁੱਖ ਸ਼ਹਿਰ ਲੁਧਿਆਣਾ ਨੇ ਸਨਅਤ ਦੇ ਰਾਹ ’ਤੇ ਲੰਮੀਆਂ ਪੁਲਾਂਘਾ ਭਰਨੀਆਂ ਸ਼ੁਰੂ ਕੀਤੀਆਂ। ਰੁਜ਼ਗਾਰ ਲਈ ਦੇਸ਼ ਭਰ ਤੋਂ ਆਏ ਕਿਰਤੀ ਕਾਮਿਆਂ ਨੂੰ ਮਹਾਨਗਰ ਨੇ ਖੁੱਲ੍ਹੇ ਹੱਥਾਂ ਨਾਲ ਗਲਵੱਕਡ਼ੀ ਵਿਚ ਲਿਆ। ਵੱਡੀਆਂ ਉਦਯੋਗਿਕ ਇਕਾਈਆਂ ਨੇ ਮਹਾਨਗਰ ਨੂੰ ਮਾਨਚੈਸਟਰ ਦਾ ਖਿਤਾਬ ਤਾਂ ਦਿਵਾ ਦਿੱਤਾ, ਪਰ ਬੁਲੰਦੀ ਦੇ ਇਸ ਸ਼ਿਖਰ ਨੂੰ ਸਰ ਕਰਨ ਬਦਲੇ ਮੌਜੂਦਾ ਸਮੇਂ ਵਿਚ ਮਹਾਨਗਰ ਵਾਸੀਆਂ ਨੂੰ ਹੀ ਨਹੀਂ ਸਗੋਂ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਦੇ ਰਹਿਣ ਵਾਲਿਆਂ ਨੂੰ ਵੱਡੀ ਕੀਮਤ ਅਦਾ ਕਰਨੀ ਪੈ ਰਹੀ ਹੈ।

ਸਰਕਾਰੀ ਵਿਭਾਗਾਂ ਅਤੇ ਕਾਰੋਬਾਰੀਆਂ ਦੇ ਅਵੇਸਲੇਪਣ ਕਾਰਨ ਖੁਸ਼ਹਾਲ ਸੂਬੇ ਦੀ ਉਪਜਾਊ ਮਿੱਟੀ ਬਿਮਾਰ ਹੋ ਚੁੱਕੀ ਹੈ, ਹਵਾ ਦੂਸ਼ਿਤ ਤੇ ਪਾਣੀ ਜ਼ਹਿਰ ਬਣਦਾ ਜਾ ਰਿਹਾ ਹੈ। ਮੁੱਠੀ ਵਿਚੋਂ ਰੇਤ ਦੀ ਤਰ੍ਹਾਂ ਸਮਾਂ ਨਿਕਲਦਾ ਜਾ ਰਿਹਾ ਹੈ ਤੇ ਜੇ ਅਜੇ ਵੀ ਹਾਲਾਤਾਂ ਦੀ ਗੰਭੀਰਤਾ ਨਾ ਸਮਝੀ ਗਈ ਤਾਂ ਹਾਲਾਤ ਵਿਸਫੋਟਕ ਹੋ ਗੁਜ਼ਰਨਗੇ। ਪੰਜਾਬ ਵਿਚ ਲਗਾਤਾਰ ਕੈਂਸਰ, ਕਾਲੇ ਪੀਲੀਏ, ਦਮੇ ਤੇ ਚਮਡ਼ੀ ਦੇ ਰੋਗੀਆਂ ਦੀ ਗਿਣਤੀ ਵਿਚ ਵਾਧਾ ਸਾਫ ਇਸ਼ਾਰਾ ਦੇ ਰਿਹਾ ਹੈ ਕਿ ਆਉਣ ਵਾਲਾ ਸਮਾਂ ਪੰਜਾਬੀਆਂ ਲਈ ਕਿੰਨਾ ਭਿਆਨਕ ਸਾਬਤ ਹੋਣ ਵਾਲਾ ਹੈ।

ਖ਼ਤਰਨਾਕ ਪੱਧਰ ਤੱਕ ਦੂਸ਼ਿਤ ਹੋ ਚੁੱਕਾ ਹੈ ਬੁੱਢਾ ਦਰਿਆ

ਮਹਾਨਗਰ ਦੇ ਪੂਰਬੀ ਖੇਤਰ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਵਿਚੋਂ ਲੰਘਣ ਵਾਲਾ ਬੁੱਢਾ ਦਰਿਆ ਖ਼ਤਰਨਾਕ ਤੋਂ ਵੀ ਵੱਧ ਪੱਧਰ ’ਤੇ ਦੂਸ਼ਿਤ ਹੋ ਚੁੱਕਾ ਹੈ। ਕੂਮ ਕਲਾਂ ਤੋਂ ਸ਼ੁਰੂ ਹੋ ਕੇ ਸਤਲੁਜ ਦਰਿਆ ਵਿਚ ਜਾ ਰਲਣ ਤੱਕ ਉਦਯੋਗਿਕ ਇਕਾਈਆਂ ਅਤੇ ਡੇਅਰੀਆਂ ਵਿਚੋਂ ਨਿਕਲਣ ਵਾਲੇ ਜ਼ਹਿਰੀਲੇ ਪਾਣੀ ਨੇ ਬੁੱਢੇ ਦਰਿਆ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਦੂਸ਼ਿਤ ਕਰ ਦਿੱਤਾ ਹੈ। ਪੁਰਾਣੇ ਸਮੇਂ ਸਾਫ ਪਾਣੀ ਦੇ ਇਸ ਸੋਮੇਂ ਵਿਚ ਚੋਰੀ-ਛੁੱਪੇ ਸੁੱਟੇ ਜਾਣ ਵਾਲੇ ਡਾਇੰਗਾਂ, ਇਲੈਕਟਰੋ ਪਲੇਟਿੰਗ ਇਕਾਈਆਂ ਦੇ ਖ਼ਤਰਨਾਕ ਕੈਮੀਕਲਾਂ ਅਤੇ ਡੇਅਰੀਆਂ ਵਿਚੋਂ ਨਿਕਲਣ ਵਾਲੇ ਮਲਮੂਤਰ ਨੇ ਬੁੱਢੇ ਦਰਿਆ ਨੂੰ ਗੰਦਾ ਨਾਲਾ ਬਣਾ ਦਿੱਤਾ। ਸ਼ਹਿਰ ਦੇ ਪੁਰਾਣੇ ਵਸਨੀਕਾਂ ਮੁਤਾਬਕ ਬੁੱਢੇ ਦਰਿਆ ਦਾ ਪਾਣੀ ਪੀਣ, ਕੱਪਡ਼ੇ ਧੋਣ ਅਤੇ ਸਿੰਚਾਈ ਲਈ ਵਰਤਿਆ ਜਾਂਦਾ ਸੀ ਤੇ ਸਿਰਫ ਬੀਤੇ ਕੁਝ ਦਹਾਕਿਆਂ ਵਿਚ ਮੁੱਠੀ ਭਰ ਲੋਕਾਂ ਦੇ ਲਾਲਚ ਨੇ ਇਸ ਦੇ ਪਾਣੀ ਨੂੰ ਜ਼ਹਿਰ ਬਣਾ ਦਿੱਤਾ।

ਅਨੁਮਾਨ ਮੁਤਾਬਕ ਫੈਕਟਰੀਆਂ ਵਿਚੋਂ ਨਿਕਲਣ ਵਾਲੇ ਕੈਮੀਕਲ ਯੁਕਤ ਜ਼ਹਿਰੀਲੇ ਪਾਣੀ ਨੂੰ ਸਾਫ ਕਰਨ ਲਈ ਲਗਾਏ ਐੱਸਟੀਪੀ ਪਲਾਂਟਾਂ ਦੇ ਮੁਕੰਮਲ ਢੰਗ ਨਾਲ ਕੰਮ ਨਾ ਕਰਨ ਕਾਰਨ ਦੂਸ਼ਿਤ ਪਾਣੀ ਬੁੱਢੇ ਨਾਲ਼ੇ ਵਿਚ ਜਾ ਰਲਦਾ ਹੈ। ਦਰਿਆ ਦੇ ਕਰੀਬ ਮਹਾਨਗਰ ਵਿਚ ਚਲਦੇ 230 ਦੇ ਕਰੀਬ ਡਾਇੰਗ ਯੂਨਿਟ, ਹਜ਼ਾਰਾਂ ਦੀ ਗਿਣਤੀ ਵਿਚ ਉਦਯੋਗਿਕ ਇਕਾਈਆਂ ਅਤੇ ਇਲੈਕਟਰੋਪਲੇਟਿੰਗ ਯੂਨਿਟ ਵੀ ਪਾਣੀ ਨੂੰ ਪੂਰੀ ਤਰ੍ਹਾਂ ਨਾਲ ਸਾਫ ਕੀਤੇ ਬਿਨਾਂ ਬੁੱਢੇ ਨਾਲ਼ੇ ਵਿਚ ਸੁੱਟਦੇ ਹਨ। ਇਸ ਦੇ ਨਾਲ ਹੀ ਸ਼ਹਿਰਵਾਸੀਆਂ ਦਾ ਸੀਵਰੇਜ ਵੇਸਟ ਵੀ ਬੁੱਢੇ ਦਰਿਆ ਨੂੰ ਦੂਸ਼ਿਤ ਕਰਨ ਵਿਚ ਅਹਿਮ ਰੋਲ ਅਦਾ ਕਰਦਾ ਹੈ।

ਜਿੱਥੋਂ ਲੰਘਦਾ, ਉੱਥੇ ਬਿਮਾਰੀਆਂ ਵੰਡ ਰਿਹੈ ਬੁੱਢਾ ਦਰਿਆ

ਇਨਸਾਨੀ ਸਵਾਰਥ ਦੀ ਭੇਟ ਚਡ਼੍ਹਿਆ ਬੁੱਢਾ ਨਾਲਾ ਅੱਜ ਏਨਾ ਦੂਸ਼ਿਤ ਹੋ ਚੁੱਕਾ ਹੈ ਕਿ ਆਪਣੇ ਰਾਹ ਵਿਚ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਹੀ ਨਹੀਂ ਬਲਕਿ ਹੋਰ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਵੀ ਜਾਨਲੇਵਾ ਬਿਮਾਰੀਆਂ ਵੰਡ ਰਿਹਾ ਹੈ। ਕੈਂਸਰ, ਕਾਲਾ ਪੀਲੀਆ, ਦਮਾ, ਕਿਡਨੀ, ਚਮਡ਼ੀ ਦੇ ਗੰਭੀਰ ਰੋਗ ਤੇਜ਼ੀ ਨਾਲ ਸੂਬੇ ਦੇ ਲੋਕਾਂ ਨੂੰ ਲਪੇਟ ਵਿਚ ਲੈ ਰਹੇ ਹਨ। ਕੁਝ ਕੁ ਧਨਾਢ ਲੋਕਾਂ ਦੀ ਪੈਸੇ ਦੀ ਭੁੱਖ ਸਮੁੱਚੇ ਪੰਜਾਬ ਵਾਸੀਆਂ ਨੂੰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਬਣਾ ਰਹੀ ਹੈ। ਬੁੱਢੇ ਦਰਿਆ ਦੇ ਸਤਲੁਜ ਵਿਚ ਮਿਲਣ ਤੋਂ ਪਹਿਲਾਂ ਰਾਹ ਵਿਚ ਆਉਂਦੇ ਪਿੰਡ ਵਲੀਪੁਰ ਜਾ ਕੇ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਰੂਹ ਨੂੰ ਕੰਬਣੀ ਛੇਡ਼ਨ ਵਾਲੇ ਅੰਕਡ਼ੇ ਸਾਹਮਣੇ ਆਏ।

ਪਿੰਡ ਵਾਸੀਆਂ ਮੁਤਾਬਕ ਪਿਛਲੇ ਇਕ ਦਹਾਕੇ ਵਿਚ ਹੀ ਗੰਦੇ ਨਾਲੇ ਦੇ ਜ਼ਹਿਰੀਲੇ ਪਾਣੀ ਨੇ ਅਣਗਿਣਤ ਕੀਮਤੀ ਜਾਨਾਂ ਨਿਗਲ ਲਈਆਂ। ਇਕ-ਇਕ ਘਰ ਵਿਚ ਕਾਲੇ ਪੀਲੀਏ, ਕੈਂਸਰ, ਦਮੇ, ਦੰਦਾਂ ਦੀਆਂ ਬਿਮਾਰੀਆਂ, ਚਮਡ਼ੀ ਦੀਆਂ ਬਿਮਾਰੀਆਂ ਨਾਲ ਕਈ ਕਈ ਮੈਂਬਰ ਗ੍ਰਸਤ ਹੋ ਚੁੱਕੇ ਹਨ। ਪਿੰਡ ਵਿਚ ਸ਼ਾਇਦ ਹੀ ਕੋਈ ਘਰ ਹੋਵੇ, ਜਿਸ ਘਰ ਉੱਪਰ ਦੂਸ਼ਿਤ ਪਾਣੀ ਦਾ ਕਹਿਰ ਨਾ ਟੁੱਟਿਆ ਹੋਵੇ। ਛੋਟੀਆਂ ਛੋਟੀਆਂ ਉਮਰਾਂ ਦੇ ਬੱਚਿਆਂ ਦੇ ਸਿਰ ਚਿੱਟੇ ਵਾਲਾਂ ਨਾਲ਼ ਭਰੇ ਹੋਏ ਹਨ। ਪਿੰਡਾਂ ਦੇ ਜ਼ਿਆਦਾਤਰ ਘਰਾਂ ਦੀ ਕਮਾਈ ਦਾ ਵੱਡਾ ਹਿੱਸਾ ਬਿਮਾਰੀਆਂ ਦੇ ਇਲਾਜ ਵਿਚ ਖਰਚ ਹੋ ਰਿਹਾ ਹੈ 2015 ਦੇ ਸਰਕਾਰੀ ਅੰਕਡ਼ਿਆਂ ਮੁਤਾਬਕ ਮੁਕਤਸਰ, ਮਾਨਸਾ, ਬਠਿੰਡਾ ਅਤੇ ਫਿਰੋਜ਼ਪੁਰ ਵਿਚ ਪ੍ਰਤੀ ਇਕ ਲੱਖ ਪਿੱਛੇ ਔਸਤ 107 ਕੈਂਸਰ ਦੇ ਰੋਗੀ ਹਨ, ਜਿਨ੍ਹਾਂ ਵਿਚੋਂ ਸਿਰਫ ਮੁਕਤਸਰ ਵਿਚ ਇਹ ਔਸਤ 136 ਮਰੀਜ਼ ਪ੍ਰਤੀ ਇਕ ਲੱਖ ਤੋਂ ਵੀ ਜ਼ਿਆਦਾ ਹੈ। ਇਸ ਸਰਵੇਖਣ ਦੇ 7 ਸਾਲ ਬਾਅਦ ਹਾਲਾਤ ਇਸ ਤੋਂ ਵੀ ਵੱਧ ਮਾਡ਼ੇ ਹੋਣ ਦਾ ਖਦਸ਼ਾ ਹੈ।

ਫਿਲਟਰ ਵੀ ਪਾਣੀ ਸਾਫ ਕਰਨ ’ਚ ਰਹੇ ਬੇਅਸਰ

ਬੁੱਢੇ ਦਰਿਆ ਕਿਨਾਰੇ ਵੱਸਣ ਵਾਲੇ ਵਸਨੀਕਾਂ ਮੁਤਾਬਕ ਗੰਦੇ ਨਾਲ਼ੇ ਦੇ ਕੈਮੀਕਲ ਮਿਲੇ ਤੇਜ਼ਾਬੀ ਪਾਣੀ ਕਾਰਨ ਧਰਤੀ ਹੇਠਲਾ ਪਾਣੀ ਇਸ ਪੱਧਰ ਤੱਕ ਜ਼ਹਿਰੀਲਾ ਹੋ ਚੁੱਕਾ ਹੈ ਕਿ ਨਲਕਿਆਂ ਵਿਚੋਂ ਕੱਢਣ ਦੇ ਕੁਝ ਮਿੰਟ ਬਾਅਦ ਹੀ ਪਾਣੀ ਪੀਲੇ ਘਸਮੈਲੇ ਰੰਗ ਦਾ ਹੋ ਜਾਂਦਾ ਹੈ। ਦਿਨ-ਰਾਤ ਹੱਡ ਤੋਡ਼ ਕੇ ਮਿਹਨਤ ਕਰਨ ਵਾਲੇ ਕਿਰਤੀ ਲੋਕ ਤਾਂ ਆਪਣੇ ਘਰ ਦੀ ਰੋਟੀ ਮਸਾਂ ਚਲਾਉਂਦੇ ਹਨ। ਉਨ੍ਹਾਂ ਲਈ ਪਾਣੀ ਸਾਫ ਕਰਨ ਲਈ ਮਹਿੰਗੇ ਵਾਟਰ ਫਿਲਟਰ ਲਗਵਾਉਣਾ ਬਹੁਤ ਮੁਸ਼ਕਿਲ ਹੈ। ਜੇ ਫਿਲਟਰ ਲਗਵਾ ਵੀ ਲੈਣ ਤਾਂ ਪਾਣੀ ਐਨੇ ਖਤਰਨਾਕ ਪੱਧਰ ਤੱਕ ਦੂਸ਼ਿਤ ਹੋ ਚੁੱਕਾ ਹੈ ਕਿ ਫਿਲਟਰ ਵੀ ਅਜਿਹੇ ਪਾਣੀ ਨੂੰ ਪੂਰੀ ਤਰ੍ਹਾਂ ਸਾਫ ਕਰਨ ਵਿਚ ਅਸਮਰੱਥ ਸਾਬਤ ਹੋ ਰਿਹੈ। ਇਸ ਤੋਂ ਪਹਿਲਾਂ ਬਾਦਲ ਸਰਕਾਰ ਵੇਲੇ ਵੀ ਇੰਜੀਨੀਅਰ ਇੰਡੀਆ ਲਿਮਟਿਡ ਫ਼ਰਮ ਨੂੰ ਵੀ ਬੁੱਢਾ ਨਾਲ ਸਾਫ ਕਰਨ ਲਈ ਪ੍ਰਾਜੈਕਟ ਬਣਾਉਣ ਲਈ ਕਰੀਬ ਸਾਢੇ ਤਿੰਨ ਕਰੋਡ਼ ਰੁਪਏ ਜਾਰੀ ਕਰ ਕੇ ਖ਼ਾਸੀ ਵਾਹੋ ਵਾਹੀ ਲੁੱਟੀ ਗਈ, ਪਰ ਉਹ ਪ੍ਰਾਜੈਕਟ ਅੱਜ ਤੱਕ ਬਣ ਕੇ ਉਸ ਉੱਪਰ ਕੰਮ ਸ਼ੁਰੂ ਨਾ ਹੋਇਆ।

ਸਤਲੁਜ ਦਰਿਆ ਦਾ ਪਾਣੀ ਵੀ ਹੋਇਆ ਦੂਸ਼ਿਤ

ਕੂਮਕਲਾਂ ਤੋਂ ਸ਼ੁਰੂ ਹੋ ਕੇ ਪਿੰਡ ਵਲੀਪੁਰ ਕਲਾਂ ਦੇ ਨਜ਼ਦੀਕ ਸਤਲੁਜ ਵਿਚ ਰਲਣ ਵਾਲੇ ਬੁਢੇ ਦਰਿਆ ਦਾ ਜ਼ਹਿਰੀਲਾ ਪਾਣੀ ਪੰਜਾਬ ਦੀ ਸ਼ਾਨ ਸਤਲੁਜ ਦਰਿਆ ਨੂੰ ਵੀ ਬੁਰੀ ਤਰ੍ਹਾਂ ਨਾਲ ਦੂਸ਼ਿਤ ਕਰ ਰਿਹਾ ਹੈ। ਦਰਿਆ ਵਿਚ ਸੰਗਮ ਵਾਲੀ ਥਾਂ ’ਤੇ ਜਾਇਜ਼ਾ ਲਿਆ ਜਾਵੇ ਤਾਂ ਮਸਲੇ ਦੀ ਗੰਭੀਰਤਾ ਆਸਾਨੀ ਨਾਲ ਸਮਝ ਆਉਂਦੀ ਹੈ। ਹਰੇ ਨੀਲੇ ਪਾਣੀ ਨਾਲ ਰਲਦਾ ਬੁੱਢੇ ਨਾਲੇ ਦਾ ਸਿਆਹ ਕਾਲਾ ਪਾਣੀ ਸਤਲੁਜ ਦੇ ਪਾਣੀ ਨੂੰ ਵੀ ਘਸਮੈਲਾ ਰੂਪ ਦੇ ਕੇ ਜ਼ਹਿਰੀਲਾ ਬਣਾ ਰਿਹਾ ਹੈ। ਇਹ ਕੈਮਿਕਲਾਂ ਵਾਲਾ ਦੂਸ਼ਿਤ ਪਾਣੀ ਦਰਿਆਈ ਜੀਵਾਂ ਲਈ ਤਾਂ ਜਾਨਲੇਵਾ ਹੈ ਹੀ, ਬਲਕਿ ਸਤਲੁਜ ਦੇ ਲਾਗਲੇ ਇਲਾਕਿਆਂ ਵਿਚ ਵਸਣ ਵਾਲੇ ਸੂਬਾ ਵਾਸੀਆਂ ਨੂੰ ਵੀ ਗੰਭੀਰ ਬਿਮਾਰੀਆਂ ਦੀ ਲਪੇਟ ਵਿਚ ਲੈ ਰਿਹਾ ਹੈ।

ਦੱਸਣਯੋਗ ਹੈ ਕਿ ਬਠਿੰਡਾ ਬੈਲਟ ਪਹਿਲਾਂ ਹੀ ਕੈਂਸਰ ਰੋਗੀਆਂ ਦਾ ਗਡ਼੍ਹ ਬਣ ਚੁੱਕਾ ਹੈ ਤੇ ਹੁਣ ਇਹ ਨਾਮੁਰਾਦ ਬਿਮਾਰੀ ਸੂਬੇ ਦੇ ਹੋਰ ਇਲਾਕਿਆਂ ਵਿਚ ਵੀ ਤੇਜ਼ੀ ਨਾਲ ਜਡ਼ਾਂ ਫੈਲਾਅ ਰਹੀ ਹੈ। ਬਠਿੰਡਾ ਤੋਂ ਚੱਲਣ ਵਾਲੀ ਰੇਲਗੱਡੀ ਦਾ ਨਾਮ ਕੈਂਸਰ ਟ੍ਰੇਨ ਦੇ ਨਾਮ ਤੋਂ ਜਾਣਿਆ ਜਾਣਾ ਸਾਬਿਤ ਕਰਦਾ ਹੈ ਕਿ ਐਨੇ ਵੱਡੇ ਪੱਧਰ ’ਤੇ ਕੈਂਸਰ ਦੇ ਵਾਧੇ ਦੇ ਬਾਵਜੂਦ ਸਰਕਾਰਾਂ ਅਤੇ ਵਿਭਾਗ ਕੁੰਭਕਰਨੀ ਨੀਂਦ ਵਿਚ ਸੁੱਤਾ ਹੋਇਆ ਹੈ।\

ਜਾਨਲੇਵਾ ਮੈਟਲ ਦੀ ਮਾਤਰਾ ਖ਼ਤਰਨਾਕ ਪੱਧਰ ’ਤੇ ਪੁੱਜੀ

ਅਣਗਹਿਲੀਆਂ ਦੀ ਭੇਟ ਚਡ਼੍ਹੇ ਬੁੱਢੇ ਦਰਿਆ ਵਿਚ ਲਗਾਤਾਰ ਜਾਨਲੇਵਾ ਹੈਵੀ ਮੈਟਲ ਮਰਕਰੀ, ਕੈਡਮੀਅਮ, ਕ੍ਰੋਮੀਐਮ, ਕਾਪਰ, ਅਮੋਨੀਆ, ਅਰਸੀਨੀਕ, ਫਾਸਫੇਟ, ਨਿਕਲ, ਪਾਰਾ, ਅਲਮੁਨੀਅਮ ਨਿਕਲ ਆਦਿ ਖਤਰਨਾਕ ਪੱਧਰ ਤੱਕ ਘੁਲੇ ਹੋਣ ਕਾਰਨ ਆਸਪਾਸ ਦੇ ਇਲਾਕਿਆਂ ਵਿਚ ਜ਼ਮੀਨ ਅੰਦਰਲਾ ਪਾਣੇ ਬੁਰੀ ਤਰ੍ਹਾਂ ਨਾਲ ਜ਼ਹਿਰੀਲਾ ਹੋ ਰਿਹਾ ਹੈ। ਇਸ ਵਜ੍ਹਾ ਨਾਲ ਪੰਜਾਬ ਦੇ ਮਾਲਵਾ ਇਲਾਕਿਆਂ ਦੇ ਨਾਲ ਨਾਲ਼ ਸਤਲੁਜ ਵਿਚ ਬੁਢੇ ਨਾਲ਼ੇ ਦਾ ਪਾਣੀ ਮਿਲਣ ਕਾਰਨ ਰਾਜਸਥਾਨ ਤੱਕ ਨੂੰ ਨਿਕਲਣ ਵਾਲਿਆਂ ਸਹਾਇਕ ਨਹਿਰਾਂ ਨਾਲ ਹੋਣ ਵਾਲੀ ਫਸਲ ਬਿਮਾਰ ਅਤੇ ਝਾਡ਼ ਘੱਟ ਹੋ ਰਿਹੈ।

ਲੀਡਰਾਂ ਦੇ ਵਾਅਦੇ ਵਫ਼ਾ ਨਾ ਹੋਏ

ਬੁੱਢਾ ਦਰਿਆ ਕਾਫੀ ਸਮੇਂ ਤੋਂ ਰਾਜਨੀਤਿਕ ਅਤੇ ਵਿਭਾਗੀ ਅਵੇਸਲੇਪਨ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ। ਕੁਲ ਮਿਲਾ ਕੇ ਰਾਜਨੀਤਿਕ ਆਗੂ ਬੁੱਢੇ ਦਰਿਆ ਦੀ ਕਾਇਆਕਲਪ ਕਰਨ ਦੇ ਵੱਡੇ-ਵੱਡੇ ਵਾਅਦੇ ਕਰ ਕੇ ਵਾਹੋਵਾਹੀ ਖੱਟਦੇ ਰਹੇ ਤੇ ਸੰਬੰਧਿਤ ਵਿਭਾਗ ਵੀ ਦਰਿਆ ਦੀ ਸਫ਼ਾਈ ਦੇ ਨਾਮ ’ਤੇ ਕਰੋਡ਼ਾਂ ਰੁਪਏ ਦੇ ਪ੍ਰਾਜੈਕਟ ਬਣਾ ਕੇ ਕਾਗਜ਼ਾਂ ਵਿਚ ਤਾਂ ਕਈ ਵਾਰ ਬੁੱਢੇ ਨਾਲ ਨੂੰ ਮੁਕੰਮਲ ਤੌਰ ’ਤੇ ਸਾਫ ਕਰ ਚੁੱਕੇ ਹਨ, ਪਰ ਜੇ ਗੱਲ ਹਕੀਕਤ ਦੀ ਕੀਤੀ ਜਾਵੇ ਤਾਂ ਕੁਲ ਮਿਲਾ ਕੇ ਨਾ ਤਾਂ ਅਧਿਕਾਰੀਆਂ ਨੇ ਬੁੱਢੇ ਨਾਲੇ ਦੇ ਪਾਣੀ ਨੇ ਜ਼ਹਿਰ ਬਣਨ ਤੋਂ ਰੋਕਣ ਵਿਚ ਬਣਦੀ ਜ਼ਿੰਮੇਵਾਰੀ ਪੂਰੀ ਕੀਤੀ ਅਤੇ ਨਾ ਹੀ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਲੀਡਰਾਂ ਦੇ ਹੀ ਵਾਅਦੇ ਵਫ਼ਾ ਹੋਏ। ਪਿਛਲੀ ਕਾਂਗਰਸ ਸਰਕਾਰ ਮੌਕੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਗੰਦੇ ਨਾਲ ਦੀ ਸਫ਼ਾਈ ਲਈ 4 ਕਰੋਡ਼ 38 ਲੱਖ ਰੁਪਏ ਦਾ ਪੈਕੇਜ ਦੇਣ ਦਾ ਐਲਾਨ ਵੀ ਕੀਤਾ ਪਰ ਪਰਨਾਲਾ ਫੇਰ ਉਥੇ ਦਾ ਉਥੇ ਹੀ ਰਿਹਾ। ਬੀਤੀ ਸਰਕਾਰ ਨੇ ਦਰਿਆ ਦੀ ਸਫ਼ਾਈ ਲਈ ਕਰੋਡ਼ਾਂ ਦਾ ਬੈਕਟੀਰੀਆ ਮੰਗਵਾ ਕੇ ਬੁੱਢੇ ਦਰਿਆ ਵਿਚ ਮਿਲਾਇਆ ਪਰ ਨਾਲੇ ਵਿਚ ਪ੍ਰਦੂਸ਼ਣ ਦੀ ਦਰ ਐਨੀ ਵੱਧ ਸੀ ਕਿ ਪਾਣੀ ਤਾਂ ਕੀ ਸਾਫ ਹੋਣਾ ਸੀ ਬੇਚਾਰਾ ਬੈਕਟੀਰੀਆ ਹੀ ਦੂਸ਼ਿਤ ਪਾਣੀ ਸਾਹਮਣੇ ਦਮ ਤੋਡ਼ ਗਿਆ। ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਦਾਅਵਾ ਕੀਤਾ ਸੀ ਕਿ ਜਲਦੀ ਹੀ ਟਾਟਾ ਗਰੁੱਪ 900 ਕਰੋਡ਼ ਦੀ ਲਾਗਤ ਨਾਲ ਬੁਢੇ ਦਰਿਆ ਦੀ ਕਾਇਆ ਕਲਪ ਕਰੇਗਾ ਅਤੇ ਇਸ ਪ੍ਰਾਜੈਕਟ ਲਈ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕੋਲ ਮਦਦ ਲਈ ਅਪੀਲ ਕੀਤੀ ਜਾਵੇਗੀ। ਸਮਾਂ ਬੀਤਿਆ ਤੇ ਇਹ ਐਲਾਨ ਵੀ ਹਵਾ ਹਵਾਈ ਹੀ ਸਾਬਿਤ ਹੋਏ।

ਪ੍ਰਦੂਸ਼ਣ ਵਿਭਾਗ ਸੁੱਤਾ ਕੁੰਭਕਰਨੀ ਨੀਂਦ

ਬੁੱਢੇ ਦਰਿਆ ਤੋਂ ਗੰਦਾ ਨਾਲਾ ਬਣਨ ਦੇ ਇਸ ਸਫਰ ਪਿੱਛੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਭੂਮਿਕਾ ਸਭ ਤੋਂ ਅਹਿਮ ਸਾਬਤ ਹੁੰਦੀ ਹੈ। ਹਾਲ ਹੀ ਵਿਚ ਨਗਰ ਨਿਗਮ ਵੱਲੋਂ ਕੁਝ ਡਾਇੰਗ ਯੂਨਿਟਾਂ ਦੇ ਸੀਵਰੇਜ ਕੁਨੈਕਸ਼ਨ ਕੱਟੇ ਗਏ, ਜੋ ਅਦਾਰੇ ਕੈਮੀਕਲਾਂ ਵਾਲਾ ਜ਼ਹਿਰੀਲਾ ਪਾਣੀ ਬਿਨਾਂ ਸਾਫ ਕੀਤੇ ਸੀਵਰੇਜ ਵਿਚ ਸੁੱਟ ਕੇ ਬੁੱਢੇ ਨਾਲ਼ੇ ਅਤੇ ਫਿਰ ਸਤਲੁਜ ਦੇ ਸਾਫ ਸੁਥਰੇ ਪਾਣੀ ਨੂੰ ਜ਼ਹਿਰ ਬਣਾ ਰਹੇ ਸਨ। ਅਜਿਹੇ ਅਦਾਰਿਆਂ ਖ਼ਿਲਾਫ ਪ੍ਰਦੂਸ਼ਣ ਬੋਰਡ ਦਾ ਅਵੇਸਲਾਪਨ ਕੀਤੇ ਨਾ ਕੀਤੇ ਵਿਭਾਗ ਦੀ ਕਾਰਜਪ੍ਰਣਾਲੀ ਉੱਪਰ ਵੱਡਾ ਸਵਾਲ ਖਡ਼੍ਹਾ ਕਰਦਾ ਹੈ।

Posted By: Seema Anand