ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : 60 ਸਾਲਾ ਪ੍ਰਾਪਰਟੀ ਡੀਲਰ ਦੇ ਪੇਟ ਤੇ ਛਾਤੀ 'ਤੇ ਚਾਕੂ ਨਾਲ ਕਈ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ । ਸ਼ਨਿਚਰਵਾਰ ਰਾਤ ਲਗਪਗ ਅੱਠ ਵਜੇ ਵਾਪਰੀ ਇਸ ਵਾਰਦਾਤ ਤੋਂ ਬਾਅਦ ਏਸੀਪੀ ਜਤਿੰਦਰ ਸਿੰਘ, ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਪਾਰਟੀ ਅਤੇ ਫੋਰੈਂਸਿਕ ਟੀਮਾਂ ਮੌਕੇ 'ਤੇ ਪਹੁੰਚੀਆਂ । ਪ੍ਰਾਪਰਟੀ ਡੀਲਰ ਦੇ ਦਫਤਰ ਅੰਦਰੋਂ ਹੀ ਉਨ੍ਹਾਂ ਦਾ ਨੌਕਰ ਬੇਹੋਸ਼ੀ ਦੀ ਹਾਲਤ 'ਚ ਮਿਲਿਆ । ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਕਤਲ ਹੋਏ ਵਿਅਕਤੀ ਸ਼ਮਸ਼ੇਰ ਸਿੰਘ ਅਟਵਾਲ (60) ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਬੇਹੋਸ਼ ਹੋਏ ਨੌਕਰ ਮਨੀਸ਼ ਕੁਮਾਰ ਨੂੰ ਨੇੜੇ ਜੇ ਹਸਪਤਾਲ ਭਰਤੀ ਕਰਵਾ ਦਿੱਤਾ ਹੈ। । ਜਾਣਕਾਰੀ ਮੁਤਾਬਕ ਸ਼ਮਸ਼ੇਰ ਸਿੰਘ ਅਟਵਾਲ ਪਿਛਲੇ ਕਈ ਸਾਲਾਂ ਤੋਂ ਮਧੋਕ ਰੋਡ 'ਤੇ ਨੈਸ਼ਨਲ ਪ੍ਰਾਪਰਟੀ ਦੇ ਨਾਂ ਤੇ ਪ੍ਰਾਪਰਟੀ ਡੀਲਰ ਵਜੋਂ ਕਾਰੋਬਾਰ ਕਰ ਰਹੇ ਹਨ । ਪੰਜ ਦਿਨ ਪਹਿਲਾਂ ਸ਼ਮਸ਼ੇਰ ਸਿੰਘ ਅਟਵਾਲ ਨੇ ਆਪਣੇ ਦਫ਼ਤਰ 'ਚ ਮੁਨੀਸ਼ ਨਾਮ ਦਾ ਨੌਕਰ ਰੱਖਿਆ। ਪ੍ਰਾਪਰਟੀ ਡੀਲਰ ਸ਼ਾਮ ਵੇਲੇ ਹੀ ਆਪਣੇ ਘਰ ਪਰਤ ਜਾਂਦੇ ਸਨ । ਪਰ ਸ਼ਨਿਚਰਵਾਰ ਨੂੰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜਦ ਸ਼ਮਸ਼ੇਰ ਘਰ ਨਾ ਪਹੁੰਚੇ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਲਗਾਤਾਰ ਫੋਨ ਕਰਨਾ ਸ਼ੁਰੂ ਕੀਤਾ । ਕਈ ਵਾਰ ਮੋਬਾਈਲ ਮਿਲਾਉਣ ਦੇ ਬਾਵਜੂਦ ਜਦੋਂ ਸ਼ਮਸ਼ੇਰ ਨਾਲ ਸੰਪਰਕ ਨਾ ਹੋਇਆ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਦਫ਼ਤਰ ਪਹੁੰਚ ਗਏ । ਦਫਤਰ ਅੰਦਰ ਦਾਖਲ ਹੁੰਦੇਸਾਰ ਹੀ ਸਾਰਿਆਂ ਦੇ ਹੋਸ਼ ਉਡ ਗਏ। ਪ੍ਰਾਪਰਟੀ ਕਾਰੋਬਾਰੀ ਸ਼ਮਸ਼ੇਰ ਦੀ ਲਾਸ਼ ਖੂਨ ਨਾਲ ਲੱਥਪਥ ਦਫਤਰ ਦੇ ਅੰਦਰ ਪਈ ਹੋਈ ਸੀ । ਪੇਟ ਅਤੇ ਛਾਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਪ੍ਰਾਪਰਟੀ ਡੀਲਰ ਦਾ ਕਤਲ ਕਰ ਦਿੱਤਾ ਗਿਆ ਸੀ । ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ, ਏਸੀਪੀ ਜਤਿੰਦਰ ਸਿੰਘ ਅਤੇ ਫੋਰੈਂਸਿਕ ਟੀਮਾਂ ਮੌਕੇ 'ਤੇ ਪਹੁੰਚੀਆਂ ਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ । ਬੇਹੋਸ਼ ਪਾਏ ਗਏ ਨੌਕਰ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਹੈ । ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਕਰ ਨੂੰ ਹੋਸ਼ ਆਉਣ ਤੋਂ ਬਾਅਦ ਇਸ ਮਾਮਲੇ ਸਬੰਧੀ ਕਈ ਖੁਲਾਸੇ ਹੋ ਸਕਣਗੇ। ਫਿਲਹਾਲ ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਨੇ ਇਸ ਸਾਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ ।

ਸ਼ੱਕ ਦੀ ਸੂਈ ਨੌਕਰ 'ਤੇ

ਇਸ ਮਾਮਲੇ 'ਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੱਕ ਦੀ ਸੂਈ ਪ੍ਰਾਪਰਟੀ ਡੀਲਰ ਵੱਲੋਂ ਕੁਝ ਦਿਨ ਪਹਿਲਾਂ ਰੱਖੇ ਨੌਕਰ ਵੱਲ ਹੈ । ਮੁੱਢਲੀ ਜਾਂਚ ਤੋਂ ਇੰਝ ਜਾਪ ਰਿਹਾ ਹੈ ਕਿ ਨੌਕਰ ਬੇਹੋਸ਼ ਹੋਣ ਦਾ ਡਰਾਮਾ ਕਰ ਰਿਹਾ ਹੈ । ਪੁਲਿਸ ਮੁਤਾਬਕ ਮੁਲਜ਼ਮ ਕੋਲੋਂ ਜਲਦੀ ਹੀ ਪੁੱਛਗਿੱਛ ਕੀਤੀ ਜਾਵੇਗੀ ।

Posted By: Tejinder Thind