ਮੇਹਰਬਾਨ/ ਲੁਧਿਆਣਾ : ਥਾਣਾ ਮੇਹਰਬਾਨ ਅਧੀਨ ਪੈਂਦੇ ਇਲਾਕੇ ਪਿੰਡ ਕਨੀਜਾ ਵਿਖੇ ਖੇਤਾਂਂ ਵਿੱਚੋਂ ਸਵੇਰੇ 7 ਕੁ ਵਜੇ ਦੇ ਕਰੀਬ 15-16 ਸਾਲ ਦੀ ਉਮਰ ਦੀ ਇਕ ਅਣਪਛਾਤੀ ਪਰਵਾਸੀ ਲੜਕੀ ਦੀ ਲਾਸ਼ ਬਰਾਮਦ ਹੋਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਪਿੰਡ ਕਨੀਜਾ ਦੇ ਸਰਪੰਚ ਅਵਤਾਰ ਸਿੰਘ ਦੇ ਘਰੋਂ ਮਹਿਜ਼ ਸੌ ਗਜ਼ ਦੀ ਦੂਰੀ 'ਤੇ ਸੜਕ ਨਾਲ ਲਗਦੇ ਹਰੇ ਚਾਰੇ ਦੇ ਖੇਤਾਂ 'ਚੋਂ ਮਿਲੀ ਇਸ ਲਾਸ਼ ਦੇ ਗਲ਼ੇ 'ਤੇ ਗਲ਼ਾ ਘੁੱਟ ਕੇ ਮਾਰਨ ਦੇ ਨਿਸ਼ਾਨਾਂ ਤੋਂ ਇਲਾਵਾ ਸਰੀਰ 'ਤੇ ਹੋਰ ਵੀ ਨਿਸ਼ਾਨ ਪਾਏ ਗਏ ਹਨ। ਲੜਕੀ ਦੀ ਸ਼ਨਾਖ਼ਤ ਲਈ ਪੁਲਿਸ ਵਲੋਂ ਆਸ-ਪਾਸ ਦੇ ਮੁਹੱਲਿਆਂ 'ਚ ਅਨਾਊਂਸਮੈਂਟ ਵੀ ਕਰਵਾਈ ਗਈ, ਪਰ ਲਾਸ਼ ਦੀ ਸ਼ਨਾਖਤ ਲਈ ਪਹੁੰਚੇ ਅਨੇਕਾਂ ਪਰਵਾਸੀ ਤੇ ਹੋਰਨਾਂ ਵਲੋਂ ਲਾਂਸ਼ ਦੀ ਸ਼ਨਾਖਤ ਨਹੀਂ ਹੋ ਸਕੀ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਥਾਣਾ ਮੇਹਰਬਾਨ ਇੰਚਾਰਜ ਜਰਨੈਲ ਸਿੰਘ ਵਲੋਂ ਲਾਸ਼ ਨੂੰ ਸਰਪੰਚ ਦੇ ਬਿਆਨਾਂ ਦੇ ਆਧਾਰ 'ਤੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਤੇ ਦੋਸ਼ੀਆਂ ਦੀ ਪਛਾਣ ਲਈ ਨੇੜੇ ਹੀ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਕਾਤਲ ਤਕ ਪਹੁੰਚਿਆ ਜਾ ਸਕੇ।

Posted By: Seema Anand