ਜੇਐੱਨਐੱਨ, ਜਗਰਾਓ : ਜਗਰਾਓਂ ਦੇ ਪੰਜਾਬੀ ਬਾਗ 'ਚ ਸੇਮ ਦੇ ਨਜ਼ਦੀਕੀ ਖੇਤਾਂ 'ਚ ਇਕ ਮੋਟਰ ਨੇੜੇ ਓਡੀਸ਼ਾ ਦੇ 17 ਸਾਲਾ ਮਜ਼ਦੂਰ ਦੀ ਹੱਤਿਆ ਕਰ ਦਿੱਤੀ ਗਈ। ਸੋਮਵਾਰ ਸਵੇਰੇ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਤੇ ਛਾਣਬੀਣ ਸ਼ੁਰੂ ਕੀਤੀ। ਸ਼ੁਰੂਆਤੀ ਜਾਂਚ 'ਚ ਪਾਇਆ ਗਿਆ ਹੈ ਕਿ ਮਜ਼ਦੂਰ ਦੀ ਹੱਤਿਆ ਗਲ਼ਾ ਘੁੱਟ ਕੇ ਕੀਤੀ ਗਈ ਹੈ। ਘਟਨਾ ਸਥਾਨ ਤੋਂ ਰੱਸੀ ਬਰਾਮਦ ਹੋਈ ਹੈ।

ਮ੍ਰਿਤਕ ਮਜ਼ਦੂਰ ਮੂਲ ਰੂਪ 'ਚ ਓਡੀਸ਼ਾ ਦਾ ਰਹਿਣ ਵਾਲਾ ਹੈ। ਉਸ ਦੀ ਪਛਾਣ ਸੰਜੈ ਪੁੱਤਰ ਹਰੀ ਨਿਵਾਸੀ ਜ਼ਿਲ੍ਹਾ ਸੁੰਦਰ ਨਗਰ ਓਡੀਸ਼ਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਸੰਜੈ ਕੱਚਾ ਮਲਿਕ ਰੋਡ ਜਗਰਾੋਂ ਦੇ ਕਿਸਾਨ ਮਨਜੀਤ ਸਿੰਘ ਦੇ ਨੇੜੇ ਖੇਤਾਂ 'ਚ ਮਜ਼ਦੂਰੀ ਦਾ ਕੰਮ ਕਰਦਾ ਸੀ। ਉਹ ਇੱਥੇ ਫਰਵਰੀ ਮਹੀਨੇ ਤੋਂ ਕੰਮ ਕਰ ਰਿਹਾ ਹੈ। ਮਜ਼ਦੂਰ ਸੰਜੈ ਐਤਵਾਰ ਸਵੇਰੇ ਤੋਂ ਹੀ ਲਾਪਤਾ ਸੀ। ਸੋਮਵਾਰ ਨੂੰ ਉਸ ਦੀ ਲਾਸ਼ ਪੰਜਾਬੀ ਬਾਗ ਗਲ਼ੀ ਨੰਬਰ 8 'ਚ ਸੇਮ ਨਾਲ ਖੇਤ 'ਚ ਲੱਗੀ ਮੋਟਰ ਨੇੜਿਓਂ ਬਰਾਮਦ ਹੋਈ। ਲਾਸ਼ ਮਿਲਣ 'ਤੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਸੂਚਨਾ ਮਿਲਣ 'ਤੇ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਜਾਂਚ ਪੜਤਾਲ ਸ਼ੁਰੂ ਕੀਤੀ। ਸ਼ੁਰੂਆਤੀ ਜਾਂਚ 'ਚ ਪੁਲਿਸ ਨੂੰ ਪਤਾ ਲੱਗਾ ਹੈ ਕਿ ਮਜ਼ਦੂਰ ਦੀ ਰੱਸੀ ਨਾਲ ਗਲ਼ਾ ਦੱਬਾ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਨੇ ਲਾਸ਼ ਨੇੜੇ ਇਕ ਰੱਸੀ ਨੂੰ ਵੀ ਬਰਾਮਦ ਕੀਤੀ ਹੈ। ਇਸ ਮੌਕੇ ਲੁਧਿਆਣਾ ਦੇਹਾਤ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ, ਐੱਸਪੀ ਜਸਵਿੰਦਰ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਪਹੁੰਚੇ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਤੇ ਮਰਡਰ ਕੇਸ ਨੂੰ ਸੁਲਝਾਉਣ ਲਈ ਟੀਮਾਂ ਗਠਿਤ ਕਰ ਦਿੱਤੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਹੱਤਿਆ ਮਾਮਲੇ ਦੇ ਮੁਲਜ਼ਮਾਂ ਨੂੰ ਪਤਾ ਕਰ ਕੇ ਜਲਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਦਿੱਤਾ ਜਾਵੇਗਾ।

Posted By: Amita Verma