ਅਮਨਪ੍ਰਰੀਤ ਸਿੰਘ ਚੌਹਾਨ, ਲੁਧਿਆਣਾ

ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਬਾਡੀ ਦੀ ਕਾਲ 'ਤੇ ਜ਼ਿਲ੍ਹਾ ਡੀਸੀ ਦਫ਼ਤਰ ਮੁਲਾਜ਼ਮ ਯੂਨੀਅਨ ਨੇ 6 ਅਗਸਤ ਤੋਂ ਲੈ ਕੇ 14 ਅਗਸਤ ਤਕ ਕਲਮ ਛੋੜ ਹੜਤਾਲ ਕਰ ਦਿੱਤੀ ਹੈ। ਡੀਸੀ ਦਫ਼ਤਰ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਵਿਕਾਸ ਜੁਨੇਜਾ (ਵਿੱਕੀ) ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਮੁਲਾਜ਼ਮਾਂ ਦੀਆਂ ਲਟਕ ਰਹੀਆਂ ਮੰਗਾਂ ਡੀਏ ਦੀਆਂ ਕਿਸ਼ਤਾਂ, ਪੇ ਸਕੇਲ, ਨਵੀਂ ਭਰਤੀ ਖੋਲ੍ਹਣ, ਸੁਪਰਵਾਈਜ਼ਰ ਦੀਆਂ ਪੋ੍ਮੋਸ਼ਨਾਂ ਤੋਂ ਇਲਾਵਾ ਹੋਰ ਵੀ ਮੰਗਾਂ ਨੂੰ ਮੰਨਣ ਦੇ ਹਰ ਵਾਰ ਮਿਲੇ ਭਰੋਸੇ ਤੋਂ ਇਲਾਵਾ ਸੂਬਾ ਸਰਕਾਰ ਨੇ ਮੁਲਾਜ਼ਮ ਮਾਰੂ ਨੀਤੀਆਂ ਅਪਣਾਉਂਦੇ ਹੋਏ ਮੁਲਾਜ਼ਮਾਂ ਦੇ ਭੱਤਿਆਂ ਦੀ ਕਟੌਤੀ ਸਬੰਧੀ ਤਿੰਨ ਦਿਨ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤੇ ਹਨ ਜਿਸ ਦੇ ਰੋਸ ਵਜੋਂ ਕਲਮ ਛੋੜ ਹੜਤਾਲ ਦੌਰਾਨ ਵੱਖ-ਵੱਖ ਸੂਬਿਆਂ 'ਚ ਬਣੇ ਜ਼ਿਲ੍ਹਾ ਡੀਸੀ ਦਫ਼ਤਰ ਯੂਨੀਅਨਾਂ ਵੱਲੋਂ ਸਰਕਾਰ ਦੇ ਅਰਥੀ ਫ਼ੂਕ ਮੁਜ਼ਾਹਰੇ ਵੀ ਕੀਤੇ ਜਾਣਗੇ। ਵਿੱਕੀ ਨੇ ਦੱਸਿਆ ਕਿ 15 ਅਗਸਤ ਵਾਲੇ ਦਿਨ ਯੂਨੀਅਨ ਵੱਲੋਂ ਸਰਕਾਰ ਪ੍ਰਤੀ ਰੋਸ ਪ੍ਰਗਟਾਉਂਦਿਆਂ ਆਪਣੇ ਘਰਾਂ ਦੇ ਬਾਹਰ ਕਾਲੇ ਝੰਡੇ ਲਾ ਕੇ ਆਜ਼ਾਦੀ ਦੀ ਥਾਂ ਗ਼ੁਲਾਮੀ ਦਿਵਸ ਮਨਾਇਆ ਜਾਵੇਗਾ। ਵਿੱਕੀ ਨੇ ਦੱਸਿਆ ਕਿ ਡੀਸੀ ਦਫ਼ਤਰ ਉਪ ਮੰਡਲ ਮੈਜਿਸਟਰੇਟ ਦਫ਼ਤਰ ਤਹਿਸੀਲ ਸਬ ਰਜਿਸਟਰਾਰ ਦਫਤਰ ਦੇ ਕਲੈਰੀਕਲ ਕਾਮਿਆਂ ਵੱਲੋਂ ਕੋਈ ਵੀ ਦਫ਼ਤਰੀ ਕੰਮ ਨਹੀਂ ਕੀਤਾ ਜਾਵੇਗਾ। ਭਾਵੇਂ ਉਹ ਕੰਮ ਕਰਨਾ ਵਾਇਰਸ ਨਾਲ ਸਬੰਧਤ ਹੋਵੇ ਜਾਂ ਫਿਰ ਸੁਤੰਤਰਤਾ ਦਿਵਸ ਨਾਲ ਸਬੰਧਤ ਹੋਵੇ। ਵਿੱਕੀ ਨੇ ਦੱਸਿਆ ਕਿ ਬੀਤੇ ਛੇ ਮਹੀਨੇ ਪਹਿਲਾਂ ਵੀ ਯੂਨੀਅਨ ਵੱਲੋਂ ਮੰਗਾਂ ਸਬੰਧੀ ਹੜਤਾਲ ਕੀਤੀ ਗਈ ਸੀ, ਜਿਸ ਦੌਰਾਨ ਸਰਕਾਰ ਨੇ ਜਲਦ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਨੋਟੀਫਿਕੇਸ਼ਨ ਜਾਰੀ ਕਰਨ ਬਾਰੇ ਕਿਹਾ ਸੀ ਪਰ ਹਾਲੇ ਤਕ ਕੋਈ ਨੋਟੀਿਫ਼ਕੇਸ਼ਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੇਕਰ 15 ਅਗਸਤ ਤਕ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਤੇਜ਼ ਕਰਦਿਆਂ 16 ਤੋਂ 30 ਅਗਸਤ ਤਕ ਪੂਰਨ ਤੌਰ 'ਤੇ ਕੰਮ ਬੰਦ ਕਰ ਕੇ ਯੂਨੀਅਨ ਵੱਲੋਂ ਡੀਸੀ ਦਫ਼ਤਰਾਂ ਨੂੰ ਜਿੰਦਰੇ ਲਾਏ ਜਾਣਗੇ, ਜਿਸ ਦੀ ਜ਼ਿੰਮੇਵਾਰ ਖੁਦ ਸਰਕਾਰ ਹੋਵੇਗੀ।

ਇਸ ਮੌਕੇ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਬਿਕਰਮਪਾਲ ਸਿੰਘ, ਅਮਨਪ੍ਰਰੀਤ ਸਿੰਘ ਮਾਨ ਲੀਗਲ ਸਲਾਹਕਾਰ, ਸਾਹਿਲ ਕੱਕੜ ਵਾਈਸ ਪ੍ਰਧਾਨ, ਗਗਨਦੀਪ ਸਿੰਘ, ਰਾਜਿੰਦਰ ਕੌਰ ਮਹਿਲਾ ਵਿੰਗ ਪ੍ਰਧਾਨ, ਜਸਵੀਰ ਕੌਰ ਸੀਨੀਅਰ ਮੀਤ ਪ੍ਰਧਾਨ, ਸੁਮਨ ਰਾਣੀ, ਸ਼ਿਵ ਕੁਮਾਰ, ਜੈ ਪ੍ਰਕਾਸ਼, ਕਿ੍ਸ਼ਨ ਗੋਪਾਲ ਰਾਜੂ ਤੋਂ ਇਲਾਵਾ ਯੂਨੀਅਨ ਦੇ ਹੋਰ ਵੀ ਮੈਂਬਰ ਮੌਜੂਦ ਰਹੇ।