ਸੰਜੀਵ ਗੁਪਤਾ, ਜਗਰਾਓਂ

ਸਥਾਨਕ ਸ਼ਹਿਰ 'ਚ ਦਿਨ ਦਿਹਾੜੇ ਆਏ ਦਿਨ ਗੁੰਡਾਗਰਦੀ ਦਾ ਨੰਗਾ ਨਾਚ ਲੋਕਾਂ ਲਈ ਖ਼ੌਫ਼ ਬਣਿਆ ਹੋਇਆ ਹੈ। ਪਿਛਲੇ ਕੁਝ ਦਿਨਾਂ 'ਚ ਹੀ ਤਿੰਨ ਵੱਡੀ ਲੜਾਈਆਂ 'ਚ ਹਥਿਆਰਾਂ ਨਾਲ ਲੈਸ 'ਮੰਡੀਰ' ਦੇ ਕਾਰਨਾਮਿਆਂ ਨੇ ਸ਼ਹਿਰੀਆਂ ਨੂੰ ਦਹਿਲਾ ਕੇ ਰੱਖ ਦਿੱਤਾ। ਇੱਕ ਤੋਂ ਬਾਅਦ ਇਕ ਕਈ ਲੜਾਈ ਤੇ ਗੁੰਡਾਗਰਦੀ ਦੀਆਂ ਇਨ੍ਹਾਂ ਘਟਨਾਵਾਂ ਅੱਗੇ ਜਗਰਾਓਂ ਪੁਲਿਸ 'ਬੌਨੀ' ਸਾਬਤ ਹੋ ਰਹੀ ਹੈ। ਜਗਰਾਓਂ ਦੇ ਕਮਲ ਚੌਂਕ ਤੋਂ ਰਾਏਕੋਟ ਰੋਡ ਨੂੰ ਜਾਂਦੇ ਰਸਤੇ 'ਚ ਬਣੀ ਮਾਰਕੀਟ ਜਿੱਥੇ ਖਾਣ-ਪੀਣ ਦੇ ਰੈਸਟੋਰੈਂਟ, ਜਿਮ, ਬਾਰਬਰ ਸ਼ਾਪਜ਼ ਤੇ ਹੋਰ ਕਈ ਅਦਾਰੇ ਹਨ, ਜਿੱਥੇ ਸਮੇਂ ਨੌਜਵਾਨਾਂ ਦੀ ਵੱਡੀ ਗਿਣਤੀ ਹੁੰਦੀ ਹੈ। ਇਥੇ ਹੀ ਨੌਜਵਾਨਾਂ 'ਚ ਗਰੁੱਪ ਬਣ ਗਏ ਹਨ ਅਤੇ ਇਨ੍ਹਾਂ ਗਰੁੱਪਾਂ 'ਚ ਲੜਾਈ ਝਗੜੇ ਵੀ ਆਮ ਹੁੰਦੇ ਜਾ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ਇਸੇ ਥਾਂ ਦੋ ਗਰੁੱਪਾਂ ਦੇ ਆਹਮੋ ਸਾਹਮਣੇ ਹਥਿਆਰਾਂ ਨਾਲ ਲੈਸ ਹੋ ਕੇ ਟੱਕਰਨ ਦਾ ਮਾਮਲਾ ਚਰਚਿਤ ਹੋਇਆ ਸੀ। ਇਸ ਮਾਮਲੇ 'ਚ ਅਗਲੇ ਦਿਨ ਸੀਆਈਏ ਸਟਾਫ ਦੀ ਪੁਲਿਸ ਨੇ 4 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗਿ੍ਫਤਾਰ ਕੀਤਾ ਸੀ। ਇਸ ਤੋਂ ਬਾਅਦ ਸਥਾਨਕ ਪੁਰਾਣੀ ਸਬਜ਼ੀ ਮੰਡੀ ਸਥਿਤ ਇਕ ਢਾਬੇ 'ਤੇ ਕੰਮ ਕਰ ਰਹੇ ਮਾਲਕ ਸਮੇਤ ਮੁਲਾਜ਼ਮਾਂ 'ਤੇ ਇਕ ਦਰਜਨ ਹਥਿਆਰਬੰਦ ਵਿਅਕਤੀਆਂ ਨੇ ਇਸ ਕਦਰ ਧਾਵਾ ਬੋਲਿਆ ਕਿ ਪੂਰਾ ਬਾਜ਼ਾਰ ਗੁੰਡਾਗਰਦੀ ਦੇ ਇਸ ਨੰਗੇ ਨਾਚ ਕਾਰਨ ਕੰਬ ਉਠਿਆ। ਇਨ੍ਹਾਂ ਹਥਿਆਰਬੰਦਾਂ ਨੇ ਢਾਬਾ ਮਾਲਕ ਤੇ ਮੁਲਾਜ਼ਮਾਂ 'ਤੇ ਵਾਰ ਕਰਦਿਆਂ ਗੰਭੀਰ ਜ਼ਖ਼ਮੀ ਕਰਕੇ ਫਿਲਮੀ ਸਟਾਈਲ ਵਿਚ ਹਥਿਆਰ ਲਹਿਰਾਉਂਦੇ ਹੋਏ ਫਰਾਰ ਹੋ ਗਏ। ਇਸ ਤੋਂ ਬਾਅਦ ਸਥਾਨਕ ਫਾਸਟਵੇ ਦੇ ਦਫ਼ਤਰ ਵਿਖੇ ਹਥਿਆਰਾਂ ਨਾਲ ਲੈਸ ਦਾਖਲ ਹੋਏ ਇਕ ਦਰਜਨ 'ਮੰਡੀਰ' ਵੱਲੋਂ ਦਫ਼ਤਰ ਦੇ ਮੁਲਾਜ਼ਮ 'ਤੇ ਵਾਰ ਕਰਦਿਆਂ ਉਸ ਨੂੰ ਜਖਮੀ ਕਰ ਦਿੱਤਾ ਸੀ। ਇੱਥੇ ਹੀ ਬੱਸ ਨਹੀਂ ਸ਼ੁੱਕਰਵਾਰ ਨੂੰ ਮੁੜ ਦਿਨ-ਦਿਹਾੜੇ ਕਮਲ ਚੌਕ ਤੋਂ ਰਾਏਕੋਟ ਰੋਡ ਸਥਿਤ ਚਰਚਿਤ ਮਾਰਕੀਟ 'ਚ ਪਿੰਡ ਗਿੱਦੜਵਿੰਡੀ ਦੇ ਨੌਜਵਾਨ ਨੂੰ ਰੰਜਿਸ਼ਨ ਵਿਰੋਧੀ ਧੜੇ ਨੇ ਭਜਾ-ਭਜਾ ਕੇ ਬੇਰਹਿਮੀ ਨਾਲ ਕੁੱਟਿਆ। ਅਜਿਹੀਆਂ ਵਾਰਦਾਤਾਂ ਦੇ ਰੋਜ਼ ਵਧਣ ਦੇ ਬਾਵਜੂਦ ਸਿਟੀ ਪੁਲਿਸ ਨਕੇਲ ਕੱਸਣ 'ਚ ਪੂਰੀ ਤਰ੍ਹਾਂ ਨਾਕਾਮਯਾਬ ਸਾਬਤ ਹੋ ਰਹੀ ਹੈ, ਜਦ ਕਿ ਦਿਨ-ਬ-ਦਿਨ ਵਿਗੜਦੇ ਮਾਹੌਲ ਦੇ ਚੱਲਦਿਆਂ ਸ਼ਹਿਰੀਆਂ ਦੀ ਸੁਰੱਖਿਆ ਲਈ ਸਖਤ ਸੁਰੱਖਿਆ ਕਦਮ ਚੁੱਕਣ ਦੀ ਲੋੜ ਹੈ।