ਗੁਰਪਿੰਦਰ ਸਿੰਘ ਰੰਧਾਵਾ, ਪਾਇਲ : ਪੰਜਾਬ 'ਚ ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨਾਲ ਝੋਨੇ ਦੀਆਂ ਪੱਕ ਚੁੱਕੀਆਂ ਅਗੇਤੀਆਂ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੂੰ ਇਸ ਬੇਮੌਸਮੀ ਬਰਸਾਤ ਨਾਲ ਝੋਨੇ ਦਾ ਝਾੜ ਘੱਟ ਨਿਕਲਣ ਦਾ ਡਰ ਸਤਾ ਰਿਹਾ ਹੈ। 'ਪੰਜਾਬੀ ਜਾਗਰਣ' ਨੂੰ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਉਨ੍ਹਾਂ ਦਾ ਅਗੇਤਾ ਝੋਨਾ ਪੀਆਰ 126 ਤੇ 1509 ਬਿਲਕੁੱਲ ਤਿਆਰ ਹੋ ਚੁੱਕਾ ਹੈ ਪਰ ਇਸ ਮੀਂਹ ਦੇ ਪੈਣ ਕਾਰਨ ਝੋਨੇ ਦੀ ਪੱਕੀ ਫਸਲ ਦਾ ਨੁਕਸਾਨ ਹੋ ਰਿਹਾ ਹੈ, ਜਿਹੜਾ ਝੋਨਾ ਦੋ ਚਾਰ ਦਿਨ 'ਚ ਵੱਢ ਹੋਣਾ ਸੀ ਹੁਣ ਉਹ 10-15 ਦਿਨ ਲੇਟ ਹੋ ਜਾਵੇਗਾ।

ਖੇਤੀ ਮਾਹਰਾਂ ਅਨੁਸਾਰ ਪੱਕ ਰਹੇ ਝੋਨੇ ਦੀ ਫਸਲ 'ਤੇ ਮੀਂਹ ਤੇ ਹਵਾ ਚੱਲਣ ਨਾਲ ਦਾਣਾ ਕਾਲਾ ਪੈ ਜਾਂਦਾ ਹੈ, ਜਿਸ ਨਾਲ ਜਦੋਂ ਮੰਡੀਆਂ 'ਚ ਪੱਖਾ ਲਗਾਇਆ ਜਾਂਦਾ ਹੈ ਤਾਂ ਫੜ੍ਹਾ ਬਹੁਤ ਜ਼ਿਆਦਾ ਨਿਕਲਦਾ ਹੈ। ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਜਦੋਂ ਮੌਸਮ ਵਿਭਾਗ ਵੱਲੋਂ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਜਾਂਦੀ ਹੈ ਤਾਂ ਝੋਨੇ ਨੂੰ ਪਾਣੀ ਨਹੀਂ ਲਗਾਉਣਾ ਚਾਹੀਦਾ, ਪਾਣੀ ਲੱਗਿਆ ਪੱਕ ਚੁੱਕਾ ਝੋਨਾ ਹਵਾ ਚੱਲਣ ਨਾਲ ਡਿੱਗ ਪੈਂਦਾ ਹੈ ਜਿਸ ਨਾਲ ਬਹੁਤ ਨੁਕਸਾਨ ਹੁੰਦਾ ਹੈ।