ਸੰਜੀਵ ਗੁਪਤਾ, ਜਗਰਾਓਂ

ਮੀਂਹ ਤੋਂ ਬਾਅਦ ਸਥਾਨਕ ਸ਼ਹਿਰ ਦੇ ਪਾਣੀ-ਪਾਣੀ ਹੋ ਜਾਣ ਦੀ ਕਹਾਣੀ ਹੁਣ ਆਮ ਹੋ ਗਈ ਹੈ। ਪਹਿਲਾਂ ਵਾਂਗ ਮੌਜੂਦਾ ਨਗਰ ਕੌਂਸਲ 'ਤੇ ਕਾਬਜ਼ ਟੀਮ ਵੱਲੋਂ ਵੀ ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਦੀ ਕੋਈ ਪੁਖਤਾ ਯੋਜਨਾ ਨਹੀਂ ਉਲੀਕੀ ਗਈ, ਜਿਸ ਕਾਰਨ ਹਰ ਵਾਰ ਦੀ ਤਰ੍ਹਾਂ ਮੰਗਲਵਾਰ ਨੂੰ ਵੀ ਜੰਮ ਕੇ ਵਰ੍ਹੇ ਮੀਂਹ ਲੋਕਾਂ ਵਾਸਤੇ ਆਫ਼ਤ ਬਣਿਆ, ਕਿਉਂਕਿ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਸਮੇਤ ਮੁਹੱਲੇ-ਗਲੀਆਂ ਤੇ ਬਾਜ਼ਾਰਾਂ 'ਚ ਕਈ-ਕਈ ਫੁੱਟ ਬਰਸਾਤੀ ਪਾਣੀ ਨੇ ਜਿੱਥੇ ਦੁਕਾਨਦਾਰਾਂ ਲਈ ਤਾਂ ਮੁਸੀਬਤ ਖੜ੍ਹੀ ਕੀਤੀ ਹੈ, ਉਥੇ ਰਾਹਗੀਰ ਵੀ ਡਾਹਢੇ ਪਰੇਸ਼ਾਨ ਰਹੇ। ਇਸ ਤੋਂ ਵੀ ਵੱਧ ਮੁਸੀਬਤ ਇਲਾਕੇ ਦੇ ਇਕ ਦਰਜਨ ਸਕੂਲੀ ਵਿਦਿਆਰਥੀਆਂ ਦੇ ਲਈ ਮੁਸੀਬਤ ਬਣੀ ਰਹੀ। ਵਿਦਿਆਰਥੀ ਸੜਕਾਂ ਦੇ ਅੱਜ ਨਹਿਰਾਂ 'ਚ ਤਬਦੀਲ ਹੋ ਜਾਣ ਕਾਰਨ ਘਰਾਂ ਨੂੰ ਡਿੱਗਦੇ, ਢਹਿੰਦੇ, ਭਿੱਜਦੇ ਮੁਸ਼ਕਿਲ ਨਾਲ ਪਹੁੰਚੇ। ਜਗਰਾਓਂ ਦੇ ਕਮਲ ਚੌਂਕ, ਲਾਜਪਤ ਰਾਏ ਰੋਡ, ਪੁਰਾਣੀ ਦਾਣਾ ਮੰਡੀ, ਸੁਭਾਸ਼ ਗੇਟ, ਅਨਾਰਕਲੀ ਬਾਜ਼ਾਰ ਸਮੇਤ ਸੜਕਾਂ ਤਾਂ ਬਰਸਾਤੀ ਪਾਣੀ ਵਿੱਚ ਡੁੱਬੀਆਂ ਹੀ ਸਨ, ਇਸ ਸਮੱਸਿਆ ਤੋਂ ਨਿਜਾਤ ਦਵਾਉਣ ਵਾਲੀ ਨਗਰ ਕੌਂਸਲ ਦਫ਼ਤਰ ਦੇ ਦਾਖਲ ਗੇਟ ਵੀ ਪਾਣੀ ਵਿੱਚ ਡੁੱਬਾ ਸੀ।