ਮਨੀਸ਼ ਸਚਦੇਵਾ, ਸਮਰਾਲਾ

ਮੇਨ ਚੌਂਕ 'ਚ ਪੰਚਾਇਤ ਸੰਮਤੀ ਦੇ ਸਾਈਕਲ ਸਟੈਂਡ ਦੀ ਤਿੰਨ ਵਾਰ ਬੋਲੀ ਰੱਦ ਹੋਣ ਤੋਂ ਬਾਅਦ ਚੌਥੀ ਵਾਰ ਸਟੈਂਡ ਦੀ ਬੋਲੀ ਦੇਣ ਤੋਂ ਬਾਅਤ ਠੇਕਾ ਅਮਰਜੀਤ ਸਿੰਘ ਨੂੰ 8 ਲੱਖ ਰੁਪਏ ਸਾਲਾਨਾ 'ਤੇ ਮਿਲ ਗਿਆ। ਇਸ ਵਾਰ ਵੀ 2 ਬੋਲੀਦਾਤਾ ਹੀ ਬੋਲੀ ਦੇਣ ਲਈ ਮੌਜੂਦ ਸਨ, ਜਿੰਨਾ 'ਚ ਇੱਕ ਪਿਛਲਾ ਠੇਕੇਦਾਰ ਰਾਜ਼ੇਸ਼ ਦੂਆ ਸ਼ਾਮਿਲ ਸੀ। ਇਸਤੋਂ ਪਹਿਲਾ ਅਲੱਗ-ਅਲੱਗ ਬੋਲੀ ਦੇ ਲਈ ਰੱਖੀਆਂ ਤਰੀਕਾਂ ਦੌਰਾਨ ਪਹਿਲੀ ਬੋਲੀ 'ਤੇ ਕੋਈ ਨਹੀਂ ਪਹੁੰਚਿਆ, ਜਿਸ ਕਰਕੇ ਬੋਲੀ ਰੱਦ ਕਰਨੀ ਪਈ। ਦੂਸਰੀ ਵਾਰ ਬੋਲੀ ਸਮੇਂ ਵਿਭਾਗ ਨੇ ਬੋਲੀ ਦਾ ਠੇਕਾ ਇੰਨਾ ੳੱੁਚਾ ਰੱਖਿਆ ਹੋਇਆ ਸੀ ਕਿ ਬੋਲੀ 8 ਲੱਖ ਤੋਂ ਜ਼ਿਆਦਾ ਨਹੀਂ ਵੱਧ ਸਕੀ, ਇਸ ਲਈ ਵਿਭਾਗ ਨੂੰ ਬੋਲੀ ਦੂਸਰੀ ਵਾਰ ਵੀ ਰੱਦ ਕਰਨੀ ਪਈ। ਤੀਸਰੀ ਵਾਰ ਬੋਲੀ ਦੀ ਰਿਜ਼ਰਵ ਠੇਕਾ 11 ਲੱਖ 91 ਹਜ਼ਾਰ ਰੱਖਿਆ ਗਿਆ ਸੀ ਪਰ ਬੋਲੀ 8 ਲੱਖ ਤੋਂ ਜ਼ਿਆਦਾ ਨਹੀਂ ਚੜ ਸਕੀ, ਇਸ ਲਈ ਬੋਲੀ ਰੱਦ ਕਰਨੀ ਪਈ। ਹੁਣ ਚੌਥੀ ਵਾਰ ਬੋਲੀ ਚੜਨ 'ਤੇ ਵਿਭਾਗ ਨੇ ਸੁੱਖ ਦਾ ਸਾਹ ਲਿਆ ਹੈ।

ਦੂਸਰੇ ਪਾਸੇ ਬੋਲੀ ਦੀ ਮਿਲੀ ਭੁਗਤ ਹੋਣ ਦਾ ਦੋਸ਼ ਰਮਨ ਵਡੇਰਾ ਨੇ ਵਿਭਾਗ 'ਤੇ ਲਗਾਇਆ। ਉਸਦਾ ਕਹਿਣਾ ਹੈ ਕਿ ਉਹ ਸਵੇਰੇ ਪੰਚਾਇਤ ਅਧਿਕਾਰੀ ਨੇ ਉਸਨੂੰ ਬੋਲੀ ਦੀ ਰਿਜ਼ਰਵ ਕੀਮਤ 8 ਲੱਖ 94 ਹਜ਼ਾਰ ਰੁਪਏ ਦੱਸੀ ਸੀ। ਰਿਜ਼ਰਵ ਕੀਮਤ ਹੋਣ ਕਰਕੇ ਉਹ ਬੋਲੀ 'ਤੇ ਨਹੀਂ ਗਏ। ਜਦੋਂ ਉਨ੍ਹਾਂ ਨੂੰ 8 ਲੱਖ ਰੁਪਏ ਬੋਲੀ ਦੇਣ ਦਾ ਪਤਾ ਚੱਲਿਆ ਤਾਂ ਉਹ ਹੈਰਾਨ ਰਹਿ ਗਏ। ਉਨਾਂ ਨੇ ਇਸ ਬੋਲੀ ਨੂੰ ਮਿਲੀ ਭੁਗਤ ਦੱਸਿਆ।

ਇਸ ਸਬੰਧ 'ਚ ਬਲਾਕ ਪੰਚਾਇਤ ਅਫਸਰ ਪਰਮਵੀਰ ਕੌਰ ਨੇ ਰਮਨ ਵਡੇਰਾ ਦੇ ਲਗਾਏ ਦੋਸ਼ਾਂ ਨੂੰ ਨਕਾਰ ਦਿੱਤਾ ਤੇ ਕਿਹਾ ਕਿ ਚੌਥੀ ਵਾਰ ਵੀ ਬੋਲੀ 8 ਲੱਖ ਤੋਂ ਜ਼ਜਆਦਾ ਨਹੀਂ ਵੱਧ ਰਹੀ ਸੀ, ਇਸ ਲਈ ਇਹ ਬੋਲੀ 8 ਲੱਖ ਰੁਪਏ ਦੇ ਠੇਕੇ 'ਤੇ ਦੇ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਬੋਲੀ ਦੀ ਰਿਜ਼ਰਵ ਕੀਮਤ 8 ਲੱਖ 94 ਹਜ਼ਾਰ ਰੁਪਏ ਸੀ, ਬੋਲੀ 8 ਲੱਖ ਤੋਂ ਜ਼ਿਆਦਾ ਨਹੀਂ ਜਾ ਰਹੀ ਸੀ, ਇਸ ਲਈ ਉੱਚ ਅਧਿਕਾਰੀਆਂ ਦੀ ਹਦਾਇਤਾਂ 'ਤੇ ਬੋਲੀ 8 ਲੱਖ 'ਤੇ ਦੇ ਦਿੱਤੀ ਗਈ। ਬੋਲੀ ਦੇ ਸਮੇਂ ਐੱਸਡੀਐੱਮ ਗੀਤਿਕਾ ਸਿੰਘ ਵੀ ਮੌਜੂਦ ਸਨ।