ਜਾ.ਸ. ਲੁਧਿਆਣਾ: ਕੇਂਦਰ ਦੁਆਰਾ ਚਲਾਏ ਜਾ ਰਹੇ ਸਕੂਲਾਂ ਵਿੱਚ ਅਧਿਆਪਕਾਂ ਦੀ ਨੌਕਰੀ ਲਈ ਚਾਹਵਾਨ ਉਮੀਦਵਾਰ ਤਿਆਰ ਹੋ ਜਾਣ ਕਿਉਂਕਿ ਜਲਦੀ ਹੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦਸੰਬਰ ਮਹੀਨੇ ਤੋਂ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (CTET) ਦਸੰਬਰ 2022 ਸੈਸ਼ਨ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ। ਸੀਬੀਐਸਈ ਨੇ ਇਸ ਮਹੀਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਸੀ ਕਿ ਪ੍ਰੀਖਿਆ ਦਸੰਬਰ ਵਿੱਚ ਹੋਵੇਗੀ।

ਇਸ ਸਾਲ ਪ੍ਰੀਖਿਆ ਆਨਲਾਈਨ ਹੋਵੇਗੀ

ਇਸ ਸਾਲ ਸੀਟੀਈਟੀ ਪ੍ਰੀਖਿਆ ਔਨਲਾਈਨ ਮੋਡ ਵਿੱਚ ਆਯੋਜਿਤ ਕੀਤੀ ਜਾਵੇਗੀ ਅਤੇ ਇਹ ਪ੍ਰੀਖਿਆ ਦਾ 16ਵਾਂ ਐਡੀਸ਼ਨ ਹੋਵੇਗਾ। ਸੀਟੀਈਟੀ ਦੇਸ਼ ਭਰ ਵਿੱਚ ਵੀਹ ਭਾਸ਼ਾਵਾਂ ਵਿੱਚ ਕਰਵਾਈ ਜਾਵੇਗੀ ਅਤੇ 135 ਸ਼ਹਿਰਾਂ ਵਿੱਚ ਕਰਵਾਈ ਜਾਵੇਗੀ। ਪ੍ਰੀਖਿਆ 150 ਮਿੰਟ ਯਾਨੀ 2.5 ਘੰਟੇ ਦੀ ਹੋਵੇਗੀ। ਪ੍ਰੀਖਿਆ ਸੰਬੰਧੀ ਹੋਰ ਵੇਰਵੇ CBSE ਦੁਆਰਾ ਕਿਸੇ ਸਮੇਂ ਵਿੱਚ ਜਾਰੀ ਕੀਤੇ ਜਾਣਗੇ।

CTET 2022 ਐਪਲੀਕੇਸ਼ਨ ਫੀਸ

ਸੀਟੀਈਟੀ ਵਿੱਚ ਦੋ ਪੇਪਰ ਹਨ। ਪਹਿਲਾ ਪੇਪਰ ਪਹਿਲੀ ਤੋਂ ਪੰਜਵੀਂ ਜਮਾਤ ਲਈ ਹੈ ਅਤੇ ਦੂਜਾ ਪੇਪਰ ਉਨ੍ਹਾਂ ਉਮੀਦਵਾਰਾਂ ਲਈ ਹੈ ਜੋ ਛੇਵੀਂ ਤੋਂ ਅੱਠਵੀਂ ਜਮਾਤ ਦੇ ਅਧਿਆਪਕ ਬਣਨਾ ਚਾਹੁੰਦੇ ਹਨ। ਜਨਰਲ ਕੈਟਾਗਰੀ ਲਈ ਇੱਕ ਪੇਪਰ ਦੀ ਫ਼ੀਸ 1000 ਰੁਪਏ ਹੈ ਅਤੇ ਦੋਨਾਂ ਪੇਪਰਾਂ ਦੀ ਫ਼ੀਸ 1200 ਰੁਪਏ ਹੈ ਅਤੇ ਐਸਸੀ ਐਸਟੀ ਕੈਟੇਗਰੀ ਲਈ ਇੱਕ ਪੇਪਰ ਦੀ ਫ਼ੀਸ 500 ਰੁਪਏ ਅਤੇ ਦੋਨਾਂ ਪੇਪਰਾਂ ਦੀ ਫ਼ੀਸ 600 ਰੁਪਏ ਹੈ।

60 ਫੀਸਦੀ ਅੰਕ ਪ੍ਰਾਪਤ ਕਰਨੇ ਲਾਜ਼ਮੀ ਹਨ

CTET ਪ੍ਰੀਖਿਆ ਵਿੱਚ ਬਹੁ-ਚੋਣ ਵਾਲੇ ਪ੍ਰਸ਼ਨ ਹੁੰਦੇ ਹਨ। ਪ੍ਰੀਖਿਆ ਪਾਸ ਕਰਨ ਲਈ ਉਮੀਦਵਾਰਾਂ ਲਈ 60% ਅੰਕ ਪ੍ਰਾਪਤ ਕਰਨਾ ਲਾਜ਼ਮੀ ਹੈ। ਉਪਰੋਕਤ ਅੰਕ ਪ੍ਰਾਪਤ ਕਰਨ ਵਾਲਾ ਉਮੀਦਵਾਰ ਵੱਖ-ਵੱਖ ਅਧਿਆਪਕਾਂ ਦੀ ਭਰਤੀ ਲਈ ਅਪਲਾਈ ਕਰ ਸਕਦਾ ਹੈ। ਇਸ ਦੇ ਨਾਲ ਹੀ ਖਾਸ ਗੱਲ ਇਹ ਹੈ ਕਿ ਸੀਟੀਈਟੀ ਸਕੋਰ ਹੁਣ ਉਮਰ ਭਰ ਲਈ ਵੈਧ ਹੋਵੇਗਾ।

ਵਧੇਰੇ ਜਾਣਕਾਰੀ CBSE ਦੀ ਵੈੱਬਸਾਈਟ 'ਤੇ ਉਪਲਬਧ ਹੋਵੇਗੀ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਜਲਦੀ ਹੀ ਅਧਿਕਾਰਤ ਵੈੱਬਸਾਈਟ www.ctet.nic.in 'ਤੇ ਪ੍ਰੀਖਿਆ ਸੰਬੰਧੀ ਹੋਰ ਵੇਰਵੇ ਜਾਰੀ ਕਰੇਗਾ।ਫਿਲਹਾਲ ਸੀਟੀਈਟੀ ਸਬੰਧੀ ਵਿਸਤ੍ਰਿਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ ਪਰ ਉਮੀਦ ਹੈ ਕਿ ਅਗਸਤ ਮਹੀਨੇ ਤੋਂ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।

Posted By: Sandip Kaur