ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਖੇਤੀ ਵਿਭਿੰਨਤਾ ਲਈ ਇਕ ਕਮੇਟੀ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ। ਇਹ ਕਮੇਟੀ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਲਈ ਕਿਸਾਨਾਂ, ਉਦਯੋਗ ਮਾਹਿਰਾਂ, ਪ੍ਰੋਸੈਸਿੰਗ ਨਾਲ ਜੁੜੇ ਕਰਮੀਆਂ ਅਤੇ ਖੇਤੀ ਵਿਗਿਆਨੀਆਂ ਕੋਲੋਂ ਸੁਝਾਅ ਲੈ ਕੇ ਪੰਜਾਬ ਵਿਚ ਖੇਤੀ ਵਿਭਿੰਨਤਾ ਦਾ ਮਾਡਲ ਬਣਾਉਣ ਲਈ ਯੋਜਨਾ ਤਿਆਰ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕੀਤਾ। ਉਨ੍ਹਾਂ ਕਿਹਾ ਕਿ ਝੋਨਾ ਪੰਜਾਬ ਵਿਚ 30 ਲੱਖ ਹੈਕਟੇਅਰ ਰਕਬੇ ਵਿਚ ਬੀਜਿਆ ਜਾਂਦਾ ਹੈ ਅਤੇ ਇਸ ਦੇ ਬਦਲ ਲਈ ਕੋਸ਼ਿਸ਼ਾਂ ਵੀ ਜਾਰੀ ਹਨ ਪਰ ਉਦਯੋਗਾਂ ਨਾਲ ਜੁੜੇ ਲੋਕਾਂ ਦੀ ਸਹਾਇਤਾ ਬਿਨਾਂ ਇਹ ਸੰਭਵ ਨਹੀਂ ਹੋ ਸਕੇਗਾ। ਇਸ ਮੀਟਿੰਗ ਵਿਚ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਤੋਂ ਬਿਨਾਂ ਮਿਲਕਫੈਡ, ਕਰੈਮਿਕਾ ਅਤੇ ਹੋਰ ਕਈ ਉਦਯੋਗਿਕ ਇਕਾਈਆਂ ਦੇ ਨੁਮਾਇੰਦੇ ਹਾਜ਼ਰ ਸਨ। ਇਸ ਮੀਟਿੰਗ ਦੀ ਪ੍ਰਧਾਨਗੀ ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਕੀਤੀ।

ਡਾ. ਬੈਂਸ ਨੇ ਆਪਣੇ ਭਾਸ਼ਣ ਵਿਚ ਖੇਤੀ ਦੇ ਮੌਜੂਦਾ ਹਾਲਾਤ ਬਾਰੇ ਫ਼ਿਕਰਮੰਦੀ ਜ਼ਾਹਰ ਕਰਦਿਆਂ ਕਿਹਾ ਕਿ ਭਾਵੇਂ ਅਸੀਂ ਉਤਪਾਦਨ ਦੀ ਟੀਸੀ 'ਤੇ ਹਾਂ ਪਰ ਇਹ ਸਥਿਤੀ ਕੁਦਰਤੀ ਸੋਮਿਆਂ ਦੀ ਗਿਰਾਵਟ ਕਾਰਨ ਫਿਕਰਮੰਦੀ ਦਾ ਅਹਿਸਾਸ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਦੋ ਫ਼ਸਲਾਂ 'ਤੇ ਅਧਾਰਿਤ ਫ਼ਸਲੀ ਚੱਕਰ ਉਪਰ ਨਿਰਭਰਤਾ ਨੇ ਕੁਦਰਤੀ ਸਰੋਤਾਂ ਨੂੰ ਨੁਕਸਾਨ ਪਹੁੰਚਾਇਆ ਹੈ। 50 ਸਾਲਾਂ ਤੋਂ ਕਣਕ-ਝੋਨੇ ਦੀ ਲਗਾਤਾਰ ਬਿਜਾਈ ਨਾਲ ਇਕ ਪਾਸੜ ਖੇਤੀ ਮਾਡਲ ਉਭਰਿਆ ਪਰ ਅੱਜ ਦੂਰ-ਅੰਦੇਸ਼ੀ ਅਪਨਾ ਕੇ ਕਿਸਾਨ ਦੇ ਆਰਥਿਕ ਪੱਖ ਅਤੇ ਕੁਦਰਤੀ ਸਰੋਤਾਂ ਵਿਚ ਸਾਂਝ ਬਿਠਾਉਣੀ ਬੇਹੱਦ ਲਾਜ਼ਮੀ ਹੋ ਗਈ ਹੈ। ਇਸ ਲਈ ਫ਼ਸਲਾਂ ਦੀ ਥਾਂ ਵਸਤਾਂ ਬਾਰੇ ਸੋਚਣਾ ਬਣਦਾ ਹੈ। ਜਿੱਥੇ ਇਸ ਨਾਲ ਸ਼ੁੱਧਤਾ ਵਾਲਾ ਉਤਪਾਦ ਗਾਹਕ ਨੂੰ ਮਿਲ ਸਕੇਗਾ ਉਥੇ ਕਿਸਾਨਾਂ ਦਾ ਮੁਨਾਫ਼ਾ ਵੀ ਵਧੇਗਾ ਅਤੇ ਕੁਦਰਤੀ ਸਰੋਤ ਭਵਿੱਖ ਲਈ ਬਚੇ ਰਹਿਣਗੇ।

ਇਸ ਮੀਟਿੰਗ ਵਿੱਚ ਪੀਏਯੂ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਤੋਂ ਉਚ ਅਧਿਕਾਰੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਵੱਖ-ਵੱਖ ਕਾਲਜਾਂ ਦੇ ਡੀਨ, ਡਾਇਰੈਕਟਰ ਅਤੇ ਵਿਭਾਗਾਂ ਦੇ ਮੁਖੀ ਹਾਜ਼ਰ ਸਨ। ਇਸ ਮੌਕੇ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨੇ ਖੇਤੀ ਉਤਪਾਦਾਂ ਦੀ ਪ੍ਰਰੋਸੈਸਿੰਗ ਅਤੇ ਉਨ੍ਹਾਂ ਦੇ ਮੰਡੀਕਰਨ ਦੀਆਂ ਸੰਭਾਵਨਾਵਾਂ ਬਾਰੇ ਗੱਲਾਂ ਕੀਤੀਆਂ। ਅਗਾਂਹਵਧੂ ਕਿਸਾਨਾਂ ਨੇ ਪ੍ਰਰੋਸੈਸਿੰਗ ਅਤੇ ਮੰਡੀਕਰਨ ਦੇ ਖੇਤਰ ਵਿਚ ਆ ਰਹੀਆਂ ਮੁਸ਼ਕਲਾਂ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ। ਸਮੁੱਚੇ ਸਮਾਗਮ ਦੀ ਕਾਰਵਾਈ ਵਧੀਕ ਨਿਰਦੇਸ਼ਕ ਖੋਜ ਡਾ. ਮਾਨਵਇੰਦਰ ਸਿੰਘ ਗਿੱਲ ਨੇ ਚਲਾਈ।