ਰਘਵੀਰ ਸਿੰਘ ਜੱਗਾ, ਰਾਏਕੋਟ : ਲੁਧਿਆਣਾ-ਬਠਿੰਡਾ ਮਾਰਗ 'ਤੇ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਨੇੜਿਓ ਤਿੰਨ ਹਥਿਆਰਬੰਦ ਅਣਪਛਾਤੇ ਨੌਜਵਾਨ ਕੋਲੋਂ ਸਵਿਫਟ ਡਿਜ਼ਾਇਰ ਕਾਰ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਗੁਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਰਾਏਕੋਟ ਨੇ ਦੱਸਿਆ ਕਿ ਉਹ ਆਪਣੀ ਸਵਿਫਟ ਡਿਜ਼ਾਇਰ ਕਾਰ ਪੀਬੀ 10 ਐੱਫਬੀ 1982 'ਚ ਬਰਨਾਲਾ ਰੋਡ 'ਤੇ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਪੇਸ਼ਾਬ ਕਰਨ ਲਈ ਰੁਕਿਆ ਤੇ ਜਦੋਂ ਉਹ ਕਾਰ ਤੋਂ ਥੱਲੇ ਉੱਤਰਿਆ ਤਾਂ ਉੱਥੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਅਚਾਨਕ ਦਬੋਚ ਲਿਆ ਅਤੇ ਰਿਵਾਲਵਰ ਵਿਖਾ ਕੇ ਉਸ ਦੀ ਕਾਰ ਲੈ ਕੇ ਰਾਏਕੋਟ ਸਾਇਡ ਵੱਲ ਨੂੰ ਫਰਾਰ ਹੋ ਗਏ। ਇਸ ਘਟਨਾਂ ਸਬੰਧੀ ਪੀੜਤ ਗੁਰਦੀਪ ਸਿੰਘ ਨੇ 112 'ਤੇ ਕਾਲ ਕਰ ਕੇ ਪੁਲਿਸ ਨੂੰ ਸੂਚਿਤ ਕੀਤਾ, ਜਿਸ 'ਤੇ ਐੱਸਪੀ ਬਲਵਿੰਦਰ ਸਿੰਘ, ਡੀਐੱਸਪੀ (ਡੀ) ਰਾਜੇਸ਼ ਕੁਮਾਰ, ਡੀਐੱਸਪੀ ਸੁਖਨਾਜ ਸਿੰਘ ਰਾਏਕੋਟ, ਸੀਆਈਏ ਇੰਚਾਰਜ ਸਿਮਰਜੀਤ ਸਿੰਘ, ਐੱਸਐੱਸਓ ਪਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾਂ ਸਥਾਨ 'ਤੇ ਪੁੱਜੇ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਇਸ ਘਟਨਾ ਸਬੰਧੀ ਜਦੋਂ ਥਾਣਾ ਸਿਟੀ ਦੇ ਇੰਚਾਰਜ ਪਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀੜਤ ਗੁਰਦੀਪ ਸਿੰਘ ਦੇ ਬਿਆਨਾਂ ਦਰਜ ਕਰਕੇ ਘਟਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।