ਜੇਐੱਨਐੱਨ, ਲੁਧਿਆਣਾ : ਜੱਸੀਆਂ ਰੋਡ ਸਥਿਤ ਨਵਨੀਤ ਨਗਰ ਵਿਚ ਨਰਾਤੇ ਦੇ ਪਹਿਲੇ ਦਿਨ ਹੀ ਮਾਂ ਨੇ ਸਾਢੇ ਚਾਰ ਸਾਲ ਦੀ ਬੱਚੀ ਨੂੰ ਕੰਧ ਨਾਲ ਪਟਕ-ਪਟਕ ਕੇ ਜਾਨੋਂ ਮਾਰ ਦਿੱਤਾ। ਜਿਸ ਦਿਨ ਮਾਤਾ ਨੂੰ ਬੱਚੀਆਂ ਦੇ ਰੂਪ ਵਿਚ ਪੂਜਿਆ ਜਾਂਦਾ ਹੈ ਉਸੇ ਦਿਨ ਮਾਂ ਬੇਟੀ ਨੂੰ ਉਦੋਂ ਤਕ ਕੰਧ ਨਾਲ ਪਟਕਦੀ, ਜਦੋਂ ਤਕ ਉਸ ਦੀ ਮੌਤ ਨਹੀਂ ਹੋ ਗਈ। ਪੁਲਿਸ ਨੇ ਮਾਂ ਨੂੰ ਗ੍ਰਿਫ਼ਤਾਰ ਕਰ ਕੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਬੱਚੀ ਦੀ ਪਛਾਣ ਦਰਪਣ ਦੇ ਰੂਪ ਵਿਚ ਹੋਈ ਹੈ।

ਪੁਲਿਸ ਨੇ ਇਸ ਮਾਮਲੇ ਵਿਚ ਬੱਚੀ ਦੀ ਮਾਂ ਪ੍ਰਿਅੰਕਾ ਵਿਰੁੱਧ ਹੱਤਿਆ ਜਾ ਮਾਮਲਾ ਦਰਜ ਕੀਤਾ ਹੈ। ਉਕਤ ਔਰਤ ਦੂਜੀ ਬੇਟੀ ਪੈਦਾ ਹੋਣ ਪਿੱਛੋਂ ਆਪਣਾ ਮਾਨਸਿਕ ਤਵਾਜ਼ਨ ਗੁਆ ਬੈਠੀ ਸੀ। ਥਾਣਾ ਸਲੇਮ ਟਾਬਰੀ ਦੇ ਐੱਚਐੱਚਓ ਇੰਸਪੈਕਟਰ ਕਿਸ਼ਨ ਗੋਪਾਲ ਨੇ ਦੱਸਿਆ ਕਿ ਬਿਹਾਰ ਦੇ ਜ਼ਿਲ੍ਹਾ ਪੂਰਨੀਆ ਦਾ ਨਿਵਾਸੀ ਟਿੰਕੂ ਯਾਦਵ ਇਕ ਮਹੀਨਾ ਪਹਿਲਾਂ ਹੀ ਕਿਰਾਏ 'ਤੇ ਘਰ ਲੈ ਕੇ ਇੱਥੇ ਰਹਿਣ ਆਇਆ ਸੀ।

ਉਹ ਇੱਥੇ ਫ਼ਰਸ਼ 'ਤੇ ਮਾਰਬਲ ਲਾਉਣ ਦਾ ਕੰਮ ਕਰਦਾ ਸੀ। ਉਸ ਨਾਲ ਉਸ ਦੀ ਪਤਨੀ ਪ੍ਰਿਅੰਕਾ, ਸਾਢੇ ਚਾਰ ਸਾਲ ਦੀ ਬੇਟੀ ਦਰਪਣ ਤੇ ਢਾਈ ਮਹੀਨੇ ਦੀ ਬੱਚੀ ਵੀ ਰਹਿੰਦੀ ਸੀ। ਪਤੀ ਟਿੰਕੂ ਅਨੁਸਾਰ ਉਸ ਦੇ ਦੂਜੀ ਬੇਟੀ ਹੋਣ ਕਾਰਨ ਪਤਨੀ ਕਾਫ਼ੀ ਸਮੇਂ ਤੋਂ ਪਰੇਸ਼ਾਨ ਸੀ ਤੇ ਛੋਟੀਆਂ-ਛੋਟੀਆਂ ਗੱਲਾਂ 'ਤੇ ਬੇਟੀ ਨੂੰ ਕੁੱਟ ਵੀ ਦਿੰਦੀ ਸੀ। ਰਾਤੀਂ ਸਭ ਕੁਝ ਠੀਕ-ਠਾਕ ਸੀ, ਅਸੀਂ ਸਾਰੇ ਖਾਣਾ ਖਾਣ ਤੋਂ ਬਾਅਦ ਸੌਂ ਗਏ। ਸਵੇਰੇ ਪਤਨੀ ਛੇਤੀ ਉੱਠੀ ਤੇ ਖ਼ੁਦ ਨਹਾਉਣ ਲਈ ਛੱਤ 'ਤੇ ਚਲੀ ਗਈ। ਉਸ ਨੇ ਉਪਰੋਂ ਆਵਾਜ਼ ਮਾਰੀ ਕਿ ਬੇਟੀ ਨੂੰ ਸ਼ੈਂਪੂ ਦੇ ਕੇ ਉਪਰ ਭੇਜੋ। ਜਦੋਂ ਬੱਚੀ ਉਪਰ ਗਈ ਤਾਂ ਪਤਾ ਨਹੀਂ ਕੀ ਹੋਇਆ ਕਿ ਉਸ ਨੇ ਬੱਚੀ ਨੂੰ ਕੰਧ ਨਾਲ ਪਟਕਣਾ ਸ਼ੁਰੂ ਕਰ ਦਿੱਤਾ।

ਬੱਚੀ ਦੀਆਂ ਚੀਕਾਂ ਸੁਣ ਕੇ ਉਨ੍ਹਾਂ ਦਾ ਗੁਆਂਢੀ ਘਰ ਆਇਆ ਤੇ ਉਸ ਨੇ ਇਸ ਸਬੰਧੀ ਦੱਸਿਆ। ਜਦੋਂ ਉਹ ਛੱਤ 'ਤੇ ਪੁੱਜੇ ਤਾਂ ਦਰਪਣ ਦੀ ਲਾਸ਼ ਕੰਧ ਕੋਲ ਪਈ ਸੀ ਤੇ ਪ੍ਰਿਅੰਕਾ ਨੇੜੇ ਖੜ੍ਹੀ ਸੀ। ਕੰਧ 'ਤੇ ਲਹੂ ਲੱਗਾ ਹੋਇਆ ਸੀ ਤੇ ਫ਼ਰਸ਼ 'ਤੇ ਵੀ ਖੂਨ ਡੁੱਲ੍ਹਿਆ ਹੋਇਆ ਸੀ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪੁੱਜੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

Posted By: Sunil Thapa