ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸਾਥੀਆਂ ਨਾਲ ਮਿਲ ਕੇ ਇੱਕ ਔਰਤ ਵੱਲੋਂ ਕਾਰੋਬਾਰੀ ਦੀ ਸਿਟੀ ਹੌਂਡਾ ਕਾਰ ਲੁੱਟ ਲੈਣ ਦੀ ਘਟਨਾ ਸਾਹਮਣੇ ਆਈ ਹੈ। ਵਾਰਦਾਤ ਨੂੰ ਅੰਜਾਮ ਦੇਣ ਆਏ ਮੁਲਜ਼ਮਾਂ ਨੇ ਕਾਰੋਬਾਰੀ ਦੀ ਜੇਬ 'ਚ 40 ਹਜ਼ਾਰ ਰੁਪਏ ਦੀ ਨਕਦੀ ਵੀ ਕੱਢ ਲਈ। ਇਸ ਮਾਮਲੇ 'ਚ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਕਾਰੋਬਾਰੀ ਕੁਨਾਲ ਕੁਮਾਰ ਮਲਹੋਤਰਾ ਦੇ ਬਿਆਨਾਂ ਉੱਪਰ ਗਊਸ਼ਾਲਾ ਰੋਡ ਦੀ ਵਾਸੀ ਗੁਰਦੀਪ ਕੌਰ, ਇਸਲਾਮ ਗੰਜ ਦੇ ਰਹਿਣ ਵਾਲੇ ਸਿੰਕੀ ਅਤੇ ਕੋਟ ਆਲਮਗੀਰ ਦੇ ਵਾਸੀ ਸੁਰਿੰਦਰ ਕੁਮਾਰ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਕਿ ਦੁੱਗਰੀ ਦਾ ਵਾਸੀ ਕੁਨਾਲ ਦੇਵ ਮਲਹੋਤਰਾ ਔਰਤ ਗੁਰਦੀਪ ਕੌਰ ਦਾ ਪਹਿਲਾਂ ਤੋਂ ਹੀ ਵਾਕਫ ਸੀ। ਕੁਨਾਲ ਨੇ ਪੁਲਿਸ ਨੂੰ ਦਸਿਆ ਕਿ ਉਸ ਨੇ ਆਪਣੀ ਸਿਟੀ ਹੌਂਡਾ ਕਾਰ ਵੇਚਣੀ ਸੀ। ਕੁਨਾਲ ਮੁਤਾਬਕ ਗੁਰਦੀਪ ਕੌਰ ਨੇ ਉਸ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ ਕਿ ਉਹ ਉਸ ਦੀ ਕਾਰ ਵਿਕਾ ਦੇਵੇਗੀ।ਪਾਰਟੀ ਨੂੰ ਕਾਰ ਦਿਖਾਉਣ ਲਈ ਗੁਰਦੀਪ ਕੌਰ ਨੇ ਕੁਨਾਲ ਦੇਵ ਨੂੰ ਲਿਬੜਾ ਕੱਟ ਦੇ ਕੋਲ ਬੁਲਾ ਲਿਆ। ਕੁਨਾਲ ਮੁਤਾਬਕ ਔਰਤ ਦੇ ਨਾਲ ਤਿੰਨ ਹੋਰ ਵਿਅਕਤੀ ਸਨ। ਸੁਰਿੰਦਰ ਨਾਂ ਦੇ ਵਿਅਕਤੀ ਨੇ ਟਰਾਈ ਲੈਣ ਲਈ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ। ਬਾਕੀ ਸਾਰੇ ਮੁਲਜ਼ਮ ਵੀ ਗੱਡੀ ਵਿੱਚ ਸਵਾਰ ਹੋ ਚੁੱਕੇ ਸਨ। ਥੋੜ੍ਹੀ ਦੂਰ ਜਾ ਕੇ ਮੁਲਜ਼ਮਾਂ ਨੇ ਕੁਨਾਲ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਸ ਦੀ ਜੇਬ 'ਚੋਂ 40 ਹਜ਼ਾਰ ਰੁਪਏ ਦੀ ਨਕਦੀ ਲੁੱਟਣ ਤੋਂ ਬਾਅਦ ਗੱਡੀ 'ਚੋਂ ਧੱਕਾ ਦੇ ਦਿੱਤਾ। ਕਾਰ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮਾਂ ਨਹਿਰ ਵੱਲ ਫਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਮਾਡਲ ਤੋਂ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ।

Posted By: Seema Anand