ਸੰਜੀਵ ਗੁਪਤਾ, ਜਗਰਾਓਂ : ਬੇਟ ਇਲਾਕੇ ਦੇ ਇਕ ਪਿੰਡ 'ਚ ਦੁਕਾਨ ਅੱਗੇ ਖੜ੍ਹ ਕੇ ਚਿੱਟਾ ਵੇਚਣ ਤੋਂ ਰੋਕਣ 'ਤੇ ਸਮੱਗਲਰ ਭਰਾਵਾਂ ਨੇ ਦੁਕਾਨਦਾਰ ਦੀ ਤੇ ਉਸ ਦੇ ਪੁੱਤਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਦੁਕਾਨਦਾਰ ਦੀ ਧੀ ਨੇ ਵੀ ਉਕਤ ਭਰਾਵਾਂ ਵੱਲੋਂ ਡਰਾ-ਧਮਕਾ ਕੇ ਉਸ ਨਾਲ ਜਬਰ ਜਨਾਹ ਕਰਨ ਦਾ ਖ਼ੁਲਾਸਾ ਕੀਤਾ। ਸਿੱਧਵਾਂ ਬੇਟ ਪੁਲਿਸ ਨੇ ਇਸ ਮਾਮਲੇ 'ਚ ਤਿੰਨਾਂ ਭਰਾਵਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਹਸਪਤਾਲ 'ਚ ਜ਼ੇਰੇ ਇਲਾਜ ਦੁਕਾਨਦਾਰ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੀ ਦੁਕਾਨ 'ਤੇ ਕੰਮ ਕਰ ਰਹੇ ਸਨ। ਇਸੇ ਦੌਰਾਨ ਪਿੰਡ ਦਾ ਹੀ ਨੌਜਵਾਨ ਦੁਕਾਨ ਅੱਗੇ ਖੜ੍ਹ ਕੇ ਚਿੱਟਾ ਵੇਚਣ ਲੱਗਾ। ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਇਕੱਠੇ ਹੋਏ ਤਿੰਨਾਂ ਭਰਾਵਾਂ ਨੇ ਉਸ ਦੀ ਤੇ ਉਸ ਦੇ ਪੁੱਤਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਦਿਆਂ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ। ਦੋਵਾਂ ਨੂੰ ਇਲਾਜ ਲਈ ਸਿੱਧਵਾਂ ਬੇਟ ਹਸਪਤਾਲ ਲਿਆਂਦਾ ਗਿਆ ਤਾਂ ਪਤਾ ਲੈਣ ਆਈ ਧੀ ਨੇ ਦੱਸਿਆ ਕਿ ਤਿੰਨਾਂ ਸਮੱਗਲਰ ਭਰਾਵਾਂ 'ਚੋਂ ਸੁਖਵਿੰਦਰ ਸਿੰਘ ਨੇ ਉਨ੍ਹਾਂ ਦੋਵਾਂ ਨੂੰ ਮਰਵਾਉਣ ਦੀ ਧਮਕੀ ਦੇ ਕੇ ਉਸ ਨਾਲ ਜਬਰ ਜਨਾਹ ਕੀਤਾ। ਇਸ ਮਾਮਲੇ 'ਚ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ।

Posted By: Seema Anand