ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਨਾਬਾਲਗਾਂ ਨਾਲ ਬਦਫੈਲੀ ਦੇ ਮਾਮਲਿਆਂ ਨੂੰ ਲੈ ਕੇ ਪਿਛਲੇ ਇਕ ਮਹੀਨੇ ਤੋਂ ਸੁਰਖੀਆਂ 'ਚ ਰਹਿਣ ਵਾਲਾ ਆਬਜ਼ਰਵੇਸ਼ਨ ਹੋਮ ਮੁੜ ਚਰਚਾ 'ਚ ਆ ਗਿਆ ਹੈ। ਇਸ ਵਾਰ ਬਾਲ ਸੁਧਾਰ ਘਰ ਦੀਆਂ ਬੈਰਕਾਂ 'ਚੋਂ 7 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਆਬਜ਼ਰਵੇਸ਼ਨ ਹੋਮ ਦੇ ਸੁਪਰਡੈਂਟ ਤਰੁਣ ਅਗਰਵਾਲ ਦੇ ਬਿਆਨਾਂ 'ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਤਰੁਣ ਅੱਗਰਵਾਲ ਨੇ ਦੱਸਿਆ ਕਿ ਸਵੇਰ ਵੇਲੇ ਉਹ ਬਾਲ ਸੁਧਾਰ ਘਰ ਦੀਆਂ ਬੈਰਕਾਂ ਦੀ ਰੂਟੀਨ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਵੱਖ-ਵੱਖ ਬੈਰਕਾਂ 'ਚੋਂ 7 ਮੋਬਾਈਲ ਫੋਨ ਬਰਾਮਦ ਕੀਤੇ ਗਏ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਅਜਮੇਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।