ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਨੇ ਦੋ ਅਜਿਹੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਦਿਨ ਵੇਲੇ ਘਰਾਂ ਦੀ ਰੇਕੀ ਕਰਨ ਤੋਂ ਬਾਅਦ ਰਾਤ ਸਮੇਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਮੁਤਾਬਕ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਢੋਲੇਵਾਲ ਵਾਸੀ ਮੁਨੀ ਲਾਲ ਅਤੇ ਸਲੇਮਟਾਬਰੀ ਦੇ ਰਹਿਣ ਵਾਲੇ ਸਤੀਸ਼ ਕੁਮਾਰ ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ 'ਚੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਗਏ ਦੋ ਮੋਬਾਈਲ ਫੋਨ, ਇਕ ਪਾਵਰ ਬੈਂਕ, ਇਕ ਬੂਫਰ ਅਤੇ ਦੋ ਸਪੀਕਰ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਏਐੱਸਆਈ ਭਜਨ ਲਾਲ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਚੋਰੀ ਕਰਨ ਦੇ ਆਦੀ ਹਨ। ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਦੋਵੇਂ ਮੁਲਜ਼ਮ ਚੋਰੀ ਦਾ ਸਾਮਾਨ ਵੇਚਣ ਲਈ ਈਸਾ ਨਗਰੀ ਵੱਲ ਜਾ ਰਹੇ ਹਨ। ਜਾਣਕਾਰੀ ਤੋਂ ਬਾਅਦ ਪੁਲਿਸ ਨੇ ਪੁਰਾਣੀ ਜੇਲ੍ਹ ਰੋਡ 'ਤੇ ਨਾਕਾਬੰਦੀ ਕਰ ਕੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ।