ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਘਰ ਤੋਂ ਸਿਲਾਈ ਸਿੱਖਣ ਗਈ ਨਾਬਾਲਿਗ ਲੜਕੀ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਈ। ਪਰਿਵਾਰਕ ਮੈਂਬਰਾਂ ਨੂੰ ਖਦਸ਼ਾ ਹੈ ਕਿ ਲੜਕੀ ਨੂੰ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਕੇ ਨਾਜਾਇਜ਼ ਹਿਰਾਸਤ ਵਿਚ ਰੱਖਿਆ ਹੋਇਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਕੂੰਮਕਲਾਂ ਦੀ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਉਪਰ ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਦੁਪਹਿਰੇ ਸਾਢੇ 3 ਵਜੇ ਦੇ ਕਰੀਬ ਲੜਕੀ ਘਰ ਤੋਂ ਸਿਲਾਈ ਸਿੱਖਣ ਲਈ ਲਾਗੇ ਦੇ ਹੀ ਸੈਂਟਰ 'ਚ ਗਈ। ਸ਼ਾਮ ਤਕ ਵੀ ਜਦ ਉਹ ਘਰ ਨਾ ਪਰਤੀ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਸੈਂਟਰ ਤੋਂ ਪਤਾ ਲੱਗਾ ਕਿ ਲੜਕੀ ਉੱਥੇ ਆਈ ਹੀ ਨਹੀਂ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਖਦਸ਼ਾ ਹੈ ਕਿ ਉਸਨੂੰ ਅਣਪਛਾਤੇ ਮੁਲਜ਼ਮਾਂ ਨੇ ਅਗਵਾ ਕਰਕੇ ਨਿੱਜੀ ਸਵਾਰਥ ਲਈ ਲੁਕਾ ਛੁਪਾ ਕੇ ਰੱਖਿਆ ਹੋਇਆ ਹੈ। ਇਸ ਮਾਮਲੇ 'ਚ ਜਾਂਚ ਅਧਿਕਾਰੀ ਏਐੱਸਆਈ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।