ਐੱਸਪੀ ਜੋਸ਼ੀ, ਲੁਧਿਆਣਾ : ਨਾਮੀ ਫਰਮ ਦਾ ਫ਼ਰਜ਼ੀ ਲੋਗੋ ਲਾ ਕੇ ਜਾਅਲੀ ਮਾਲ ਵੇਚਣ ਦੇ ਮਾਮਲੇ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਫ਼ਰਜੀਵਾੜਾ ਚਲਾਉਣ ਵਾਲੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਮੁਲਜ਼ਮ ਦੀ ਪਛਾਣ ਸਥਾਨਕ ਜੰਮੂ ਕਾਲੋਨੀ ਦੇ ਰਹਿਣ ਵਾਲੇ ਸਟੀਫਨ ਨੰਦਾ ਵਜੋਂ ਹੋਈ ਹੈ। ਜੰਮੂ ਕਾਲੋਨੀ ਵਿਖੇ ਮੈਸਰਜ ਐਮਜ ਤਿ੍ਪਤੀ ਬਾਲਾ ਜੀ ਇੰਟਰਪ੍ਰਰਾਈਜ਼ਜ਼ ਫਰਮ ਦੇ ਮਾਲਕ ਭੁਪਿੰਦਰ ਸਿੰਘ ਮੁਤਾਬਕ ਉਨ੍ਹਾਂ ਦੀ ਇਕ ਫਰਮ ਜਗਨ ਲੈਂਪ ਦੇ ਨਾਮ 'ਤੇ ਚੱਲਦੀ ਹੈ। ਉਨ੍ਹਾਂ ਕੋਲ ਇਸ ਫਰਮ ਦੇ ਕਾਨੂੰਨੀ ਕਾਪੀ ਰਾਈਟ ਅਧਿਕਾਰ ਹਨ। ਉਨ੍ਹਾਂ ਦੱਸਿਆ ਕਿ ਬੀਤੇ ਕੁੱਝ ਸਮੇਂ ਤੋਂ ਉਨ੍ਹਾਂ ਨੂੰ ਇਸ ਫਰਮ ਦਾ ਮਾਰਕੀਟ 'ਚ ਨਕਲੀ ਮਾਲ ਵਿਕਣ ਦੀ ਜਾਣਕਾਰੀ ਮਿਲ ਰਹੀ ਸੀ। ਉਨ੍ਹਾਂ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਜੰਮੂ ਕਾਲੋਨੀ ਦਾ ਸਟੀਫਨ ਨੰਦਾ ਉਸ ਦੀ ਫਰਮ ਦਾ ਨਕਲੀ ਲੋਗੋ ਲਾ ਕੇ ਜਾਅਲੀ ਮਾਲ ਵੇਚ ਰਿਹਾ ਹੈ। ਅਜਿਹਾ ਕਰ ਕੇ ਮੁਲਜ਼ਮ ਨਾ ਨਾ ਸਿਰਫ ਉਸ ਨੂੰ ਵੱਡੇ ਪੱਧਰ 'ਤੇ ਵਿੱਤੀ ਢਾਹ ਲਗਾ ਰਿਹਾ ਹੈ, ਬਲਕਿ ਗਾਹਕਾਂ ਨੂੰ ਨਕਲੀ ਮਾਲ ਸਪਲਾਈ ਕਰ ਕੇ ਉਨ੍ਹਾਂ ਨਾਲ ਠੱਗੀ ਕਰ ਰਿਹਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।