ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਐੱਸਟੀਐੱਫ ਦੀ ਟੀਮ ਨੇ 1 ਕਿਲੋ 700 ਗ੍ਰਾਮ ਹੈਰੋਇਨ ਸਣੇ ਪਿਓ-ਪੁੱਤ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਉਸ ਵੇਲੇ ਕਾਬੂ ਕੀਤਾ, ਜਦੋਂ ਉਹ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਸਨ। ਮੁਲਜ਼ਮਾਂ ਦੇ ਕਬਜ਼ੇ 'ਚੋਂ ਹੈਰੋਇਨ ਅਤੇ ਕਾਰ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਐੱਸਟੀਐੱਫ ਦੇ ਲੁਧਿਆਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਭਾਈ ਰਣਧੀਰ ਸਿੰਘ ਨਗਰ ਵਾਸੀ ਸਤੀਸ਼ ਕੁਮਾਰ ਉਰਫ ਸੱਤੀ (55) ਅਤੇ ਉਸ ਦੇ ਪੁੱਤਰ ਸੂਰਜ ਕੁਮਾਰ (30) ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵਧੇਰੇ ਜਾਣਕਾਰੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਐੱਸਟੀਐੱਫ ਦੇ ਲੁਧਿਆਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਲੋਧੀ ਕਲੱਬ ਰੋਡ ਵਿਖੇ ਮੌਜੂਦ ਸੀ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿਓ-ਪੁੱਤ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਹਨ। ਸੂਚਨਾ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਭਾਈ ਰਣਧੀਰ ਸਿੰਘ ਨਗਰ ਦੇ ਜੇ ਬਲਾਕ 'ਚ ਨਾਕਾਬੰਦੀ ਕਰ ਕੇ ਸਵਿਫਟ ਕਾਰ ਸਵਾਰ ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ। ਤਲਾਸ਼ੀ ਦੌਰਾਨ ਪੁਲਿਸ ਨੇ ਕਾਰ ਚੋਂ 1 ਕਿਲੋ 700 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਮੌਕੇ ਤੋਂ ਇਲੈਕਟੋ੍ਨਿਕ ਕੰਡਾ ਅਤੇ 30 ਖਾਲੀ ਮੋਮੀ ਲਿਫ਼ਾਫ਼ੇ ਵੀ ਬਰਾਮਦ ਕੀਤੇ।

ਵੱਧ ਪੈਸੇ ਕਮਾਉਣ ਦੇ ਚੱਕਰ 'ਚ ਕਰਨ ਲੱਗ ਪਏ ਹੈਰੋਇਨ ਦੀ ਤਸਕਰੀ

ਜਾਣਕਾਰੀ ਦਿੰਦਿਆਂ ਐੱਸਟੀਐੱਫ ਦੇ ਲੁਧਿਆਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਤੀਸ਼ ਕੁਮਾਰ ਖ਼ਿਲਾਫ਼ ਪਹਿਲਾਂ ਤੋਂ ਐੱਨਡੀਪੀਐੱਸ ਅਤੇ ਹੋਰ ਜੁਰਮਾਂ ਤਹਿਤ ਕਈ ਮਾਮਲੇ ਦਰਜ ਹਨ। ਮੁਲਜ਼ਮ ਪਹਿਲਾਂ ਆਟੋ ਚਲਾਉਂਦਾ ਸੀ ਪਰ ਵੱਧ ਪੈਸੇ ਬਣਾਉਣ ਦੇ ਚੱਕਰ 'ਚ ਉਹ ਹੈਰੋਇਨ ਦੀ ਤਸਕਰੀ ਕਰਨ ਲੱਗ ਪਿਆ। ਉਸ ਦਾ ਲੜਕਾ ਸੂਰਜ ਹੈਰੋਇਨ ਦਾ ਨਸ਼ਾ ਕਰਨ ਦਾ ਆਦੀ ਸੀ ਅਤੇ ਉਹ ਵੀ ਤਸਕਰੀ ਕਰਨ ਲਗ ਪਿਆ। ਪੁਲਿਸ ਮੁਤਾਬਕ ਮੁਲਜ਼ਮ ਸੂਰਜ ਖ਼ਿਲਾਫ਼ ਨਸ਼ਾ ਤਸਕਰੀ ਦਾ ਇਕ ਮਾਮਲਾ ਦਰਜ ਹੈ।

ਦਿੱਲੀ ਤੋਂ ਲੈ ਕੇ ਆਉਂਦੇ ਸਨ ਹੈਰੋਇਨ

ਪੁਲਿਸ ਮੁਤਾਬਕ ਦੋਵੇਂ ਮੁਲਜ਼ਮ ਪਿਛਲੇ ਕਈ ਸਾਲਾਂ ਤੋਂ ਹੈਰੋਇਨ ਦੀ ਤਸਕਰੀ ਕਰ ਰਹੇ ਸਨ। ਉਹ ਦਿੱਲੀ ਦੇ ਇਕ ਵਿਅਕਤੀ ਕੋਲੋਂ ਹੈਰੋਇਨ ਖਰੀਦ ਕੇ ਲੁਧਿਆਣਾ ਵਿਚ ਮਹਿੰਗੇ ਭਾਅ 'ਤੇ ਵੇਚਦੇ ਸਨ। ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਨੂੰ ਹੋਰ ਖ਼ੁਲਾਸੇ ਹੋਣ ਦੀ ਆਸ ਹੈ।