ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਪਿੰਡ ਗੋਪਾਲਪੁਰ 'ਚ ਡੇਰੇ ਅੰਦਰ ਦਾਖ਼ਲ ਹੋਏ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਾਧ 'ਤੇ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਬਾਰੇ ਉਦੋਂ ਪਤਾ ਲੱਗਾ ਜਦ ਵੀਰਵਾਰ ਸਵੇਰੇ ਇਲਾਕੇ ਦੇ ਕੁਝ ਲੋਕ ਜਦ ਸਾਧ ਨੂੰ ਨਾਸ਼ਤਾ ਦੇਣ ਪੁੱਜੇ। ਜਾਣਕਾਰੀ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਡੇਹਲੋਂ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪਿੰਡ ਗੋਪਾਲਪੁਰ ਦੇ ਵਾਸੀ ਮਿ੍ਤਕ ਜੰਗ ਸਿੰਘ (57) ਦੇ ਭਤੀਜੇ ਸ਼ਿਮਲਾਪੁਰੀ ਦੇ ਵਾਸੀ ਵਰਿੰਦਰ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਕਾਤਲਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਜੰਗ ਸਿੰਘ ਨੇ ਪਿੰਡ ਗੋਪਾਲਪੁਰ ਸਥਿਤ ਆਪਣੇ ਘਰ ਵਿੱਚ ਹੀ ਡੇਰਾ ਬਣਾਇਆ ਹੋਇਆ ਸੀ। ਉਹ ਲੋਕਾਂ ਨੂੰ ਪੁੱਛਾਂ ਦਿੰਦਾ ਸੀ। ਉਹ ਜੱਦੀ ਤੌਰ 'ਤੇ ਟਿੱਬਾ ਪਿੰਡ ਦਾ ਰਹਿਣ ਵਾਲਾ ਸੀ।

ਵੀਰਵਾਰ ਸਵੇਰੇ ਜਦ ਲੋਕ ਉਸ ਨੂੰ ਸਵੇਰ ਦਾ ਖਾਣਾ ਦੇਣ ਆੇ ਤਾਂ ਉਨ੍ਹਾਂ ਦੇਖਿਆ ਕਿ ਵਿਹੜੇ 'ਚ ਸਾਧ ਦੀ ਲਾਸ਼ ਖ਼ੂਨ ਨਾਲ ਲੱਥਪੱਥ ਹਾਲਤ 'ਚ ਪਈ ਸੀ। ਆਲੇ ਦੁਆਲੇ ਦੇ ਲੋਕਾਂ ਨੇ ਇਸ ਸਬੰਧੀ ਤੁਰੰਤ ਥਾਣਾ ਡੇਹਲੋਂ ਦੀ ਪੁਲਿਸ ਨੂੰ ਸੂਚਨਾ ਦਿੱਤੀ। ਲੋਕਾਂ ਦਾ ਕਹਿਣਾ ਹੈ ਕਿ ਬੁੱਧਵਾਰ ਰਾਤ ਨੂੰ ਉਹ ਜੰਗ ਸਿੰਘ ਨੂੰ ਖਾਣਾ ਦੇ ਕੇ ਗਏ ਸਨ ਤੇ ਉਦੋਂ ਤਕ ਸਭ ਕੁਝ ਠੀਕ ਠਾਕ ਸੀ। ਪੁਲਿਸ ਦਾ ਮੰਨਣਾ ਹੈ ਕਿ ਵੀਰਵਾਰ ਤੜਕੇ ਜਾਂ ਬੁੱਧਵਾਰ ਦੇਰ ਰਾਤ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਹਮਲਾਵਰਾਂ ਨੇ ਜੰਗ ਸਿੰਘ ਦੇ ਸਿਰ ਵਿਚ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਉਸ ਦਾ ਕਤਲ ਕੀਤਾ ਹੈ।

ਨੀਂਦ 'ਚ ਹੀ ਉਤਾਰ ਦਿੱਤਾ ਮੌਤ ਦੇ ਘਾਟ

ਜੰਗ ਸਿੰਘ ਦੇ ਸਰੀਰ ਉੱਪਰ ਵਿਰੋਧ ਕਰਨ ਦੇ ਕੋਈ ਨਿਸ਼ਾਨ ਨਹੀਂ ਸਨ। ਏਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਦਾ ਕਹਿਣਾ ਹੈ ਕਿ ਤਫ਼ਤੀਸ਼ ਦੇ ਦੌਰਾਨ ਇੰਝ ਜਾਪ ਰਿਹਾ ਹੈ ਕਿ ਕਾਤਲਾਂ ਨੇ ਜੰਗ ਸਿੰਘ ਨੂੰ ਸੁੱਤੇ ਹੋਏ ਮੌਤ ਦੇ ਘਾਟ ਉਤਾਰਿਆ।

ਵਿਆਹ ਦੇ ਦੋ ਮਹੀਨੇ ਬਾਅਦ ਚਲੀ ਗਈ ਸੀ ਪਤਨੀ

ਕੁਝ ਸਾਲ ਪਹਿਲੋਂ ਜੰਗ ਸਿੰਘ ਦਾ ਵਿਆਹ ਹੋਇਆ ਸੀ, ਪਰ ਉਸ ਦੀ ਪਤਨੀ ਵਿਆਹ ਤੋਂ ਦੋ ਮਹੀਨੇ ਬਾਅਦ ਹੀ ਘਰ ਤੋਂ ਚਲੀ ਗਈ ਸੀ। ਸਾਧ ਨੇ ਪਿਛਲੇ ਕਈ ਸਾਲਾਂ ਤੋਂ ਘਰ 'ਚ ਡੇਰਾ ਬਣਾਇਆ ਹੋਇਆ ਸੀ।

ਲੁੱਟ ਕਰ ਕੇ ਨਹੀਂ ਹੋਇਆ ਕਤਲ

ਜੰਗ ਸਿੰਘ ਦੇ ਭਤੀਜੇ ਦੇ ਮੁਤਾਬਕ ਉਸ ਕੋਲ ਬਾਈ ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਮੋਬਾਈਲ ਫੋਨ ਸੀ, ਜੋ ਕਿ ਡੇਰੇ 'ਚੋਂ ਬਰਾਮਦ ਹੋਏ ਹਨ। ਇਸ ਤੋਂ ਸਾਫ ਹੁੰਦਾ ਹੈ ਕਿ ਕਤਲ ਦੇ ਪਿੱਛੇ ਮਕਸਦ ਲੁੱਟ ਨਹੀਂ ਸੀ।

ਫੁਟੇਜ ਚੈੱਕ ਕਰ ਕੇ ਕੀਤੀ ਜਾ ਰਹੀ ਹੈ ਤਫਤੀਸ਼

ਇਸ ਮਾਮਲੇ ਵਿਚ ਥਾਣਾ ਡੇਹਲੋਂ ਦੀ ਪੁਲਿਸ ਨੇ ਅਣਪਛਾਤੇ ਕਾਤਲਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਵਾਰਦਾਤ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਹੈ। ਥਾਣਾ ਡੇਹਲੋਂ ਦੀ ਪੁਲਿਸ ਨੂੰ ਉਮੀਦ ਹੈ ਕਿ ਜਲਦੀ ਹੀ ਕਾਤਲਾਂ ਨੂੰ ਗਿ੍ਫਤਾਰ ਕਰ ਲਿਆ ਜਾਵੇਗਾ।