ਐੱਸਪੀ ਜੋਸ਼ੀ, ਲੁਧਿਆਣਾ : ਵਿਆਹ ਤੋਂ ਬਾਅਦ ਪਤਨੀ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨ ਦੇ ਦੋਸ਼ 'ਚ ਥਾਣਾ ਵੂਮੈਨ ਸੈੱਲ ਦੀ ਪੁਲਿਸ ਵੱਲੋਂ ਪਤੀ ਤੇ ਸਹੁਰੇ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਚੰਡੀਗੜ੍ਹ ਰੋਡ ਸੰਜੇ ਗਾਂਧੀ ਕਾਲੋਨੀ ਦੀ ਰਹਿਣ ਵਾਲੀ ਗੁਰਪ੍ਰਰੀਤ ਕੌਰ ਦੇ ਬਿਆਨਾਂ 'ਤੇ ਉਸ ਦੇ ਪਤੀ ਜਗਦੀਪ ਸਿੰਘ ਅਤੇ ਸਹੁਰੇ ਇੰਦਰਜੀਤ ਸਿੰਘ ਵਾਸੀ ਜੇਠੀ ਨਗਰ ਮਾਲੇਰਕੋਟਲਾ ਰੋਡ ਖੰਨਾ ਖ਼ਿਲਾਫ਼ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 7 ਸਾਲ ਪਹਿਲਾਂ ਜਗਦੀਪ ਸਿੰਘ ਨਾਲ ਹੋਇਆ ਸੀ। ਵਿਆਹ ਵਿੱਚ ਉਸ ਦੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਦਿੱਤਾ, ਪਰ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਹੋਰ ਦਾਜ ਲਿਆਉਣ ਲਈ ਉਸ ਨੂੰ ਪਰੇਸ਼ਾਨ ਕਰਨ ਲੱਗ ਗਿਆ। ਗੁਰਪ੍ਰਰੀਤ ਕੌਰ ਮੁਤਾਬਕ ਉਸ ਦੇ ਪਤੀ ਦਾ ਸਾਥ ਦਿੰਦੇ ਹੋਏ ਸਹੁਰਾ ਇੰਦਰਜੀਤ ਸਿੰਘ ਵੀ ਛੋਟੀਆਂ-ਛੋਟੀਆਂ ਗੱਲਾਂ ਤੋਂ ਕਲੇਸ਼ ਕਰਕੇ ਹੋਰ ਦਾਜ ਦੀ ਮੰਗ ਕਰਦਾ ਸੀ। ਸ਼ੁਰੂਆਤ ਵਿੱਚ ਉਸਦੇ ਪੇਕੇ ਪਰਿਵਾਰ ਨੇ ਉਨ੍ਹਾਂ ਦੀਆਂ ਕਈ ਮੰਗਾਂ ਪੂਰੀਆਂ ਵੀ ਕੀਤੀਆਂ, ਪਰ ਜਦ ਇਹ ਸਿਲਸਿਲਾ ਬਾਦਸਤੂਰ ਜਾਰੀ ਰਿਹਾ ਤਾਂ ਆਖ਼ਰ ਉਨਾਂ੍ਹ ਵੂਮੈਨ ਸੈੱਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।