ਐੱਸਪੀ ਜੋਸ਼ੀ, ਲੁਧਿਆਣਾ : ਰਾਜ਼ੀਨਾਮਾ ਕਰਵਾਉਣ ਆਏ ਵਿਅਕਤੀ 'ਤੇ ਹਮਲਾ ਕਰਨ ਦੇ ਮਾਮਲੇ 'ਚ ਪੁਲਿਸ ਨੇ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਜਲੰਧਰ ਰਾਮਾਮੰਡੀ ਦੇ ਰਹਿਣ ਵਾਲੇ ਸੁਨੀਲ ਕੁਮਾਰ ਦੇ ਬਿਆਨਾਂ 'ਤੇ ਨੇਹਾ ਵਾਸੀ ਸੁਭਾਸ਼ ਨਗਰ, ਕਾਲਾ ਅਤੇ ਨੀਰਜ ਚੋਪੜਾ ਖ਼ਿਲਾਫ਼ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਰਾਜ ਕੁਮਾਰ ਦਾ ਆਪਣੀ ਪਤਨੀ ਨਾਲ ਘਰੇਲੂ ਵਿਵਾਦ ਚੱਲਦਾ ਸੀ। ਉਕਤ ਮਾਮਲੇ 'ਚ ਰਾਜ਼ੀਨਾਮੇ ਲਈ ਉਹ ਟਿੱਬਾ ਥਾਣੇ ਗਿਆ, ਜਿੱਥੇ ਰਾਜ ਕੁਮਾਰ ਦੀ ਪਤਨੀ ਨੇਹਾ ਅਤੇ ਉਸ ਦੇ ਨਾਲ ਆਏ ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਬਲਜੀਤ ਸਿੰਘ ਮੁਤਾਬਕ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।