ਐੱਸਪੀ ਜੋਸ਼ੀ, ਲੁਧਿਆਣਾ : ਆਪਣੀ ਕੱਟੀ ਕਾਲੋਨੀ 'ਚ ਗਾਹਕ ਤੋਂ ਪਲਾਟ ਦੀ ਪੂਰੀ ਕੀਮਤ ਵਸੂਲਣ ਦੇ ਬਾਵਜੂਦ ਰਜਿਸਟਰੀ ਨਾ ਕਰਵਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮੁਲਜ਼ਮ ਮਹਾਨਗਰ ਦੇ ਨਾਮੀਂ ਕਾਲੋਨਾਈਜ਼ਰ ਗੁਲਸ਼ਨ ਕੁਮਾਰ ਖ਼ਿਲਾਫ਼ ਥਾਣਾ ਫੋਕਲ ਪੁਆਇੰਟ ਪੁਲੀਸ ਵੱਲੋਂ ਧੋਖਾਧੜੀ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਕਤ ਕਾਲੋਨਾਈਜ਼ਰ ਤੋਂ ਇਲਾਵਾ ਇਸ ਮਾਮਲੇ ਵਿਚ ਪੁਲਿਸ ਨੇ ਹਰੀਸ਼ ਕੁਮਾਰ ਅਤੇ ਅਸ਼ੀਸ਼ ਸੂਦ ਨੂੰ ਵੀ ਨਾਮਜ਼ਦ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਸਥਾਨਕ ਲੇਬਰ ਕਲੋਨੀ ਗਿੱਲ ਰੋਡ ਦੇ ਰਹਿਣ ਵਾਲੇ ਕੁਲਦੀਪ ਸ਼ਰਮਾ ਦੇ ਬਿਆਨਾਂ ਉਪਰ ਦਰਜ ਕੀਤਾ ਹੈ। ਠੱਗੀ ਦਾ ਸ਼ਿਕਾਰ ਪੀੜਤ ਮੁਤਾਬਕ ਉਸ ਨੇ ਜੀਕੇ ਅਸਟੇਟ ਦੇ ਮਾਲਕ ਕਾਲੋਨਾਈਜ਼ਰ ਗੁਲਸ਼ਨ ਕੁਮਾਰ ਕੋਲੋਂ ਦੋ ਸੌ ਵਰਗ ਗਜ਼ ਦਾ ਪਲਾਟ ਖ਼ਰੀਦਿਆ ਸੀ। ਮੁਦਈ ਮੁਤਾਬਕ ਚੰਡੀਗੜ੍ਹ ਰੋਡ ਸਥਿਤ ਜੀਕੇ ਸਿਟੀ ਕਲੋਨੀ ਵਿੱਚ ਆਰੋਪੀ ਨੇ ਉਸਨੂੰ ਪਲਾਟ ਵਿਖਾ ਕੇ ਸੌਦਾ ਤੈਅ ਕਰਨ ਮਗਰੋਂ ਬਣਦੀ ਸਾਰੀ ਰਕਮ ਵਸੂਲ ਲਈ, ਜਦ ਉਸ ਨੇ ਉਕਤ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਕਿਹਾ ਤਾਂ ਉਕਤ ਮੁਲਜ਼ਮ ਨੇ ਲਾਰੇ ਲਾਉਣੇ ਸ਼ੁਰੂ ਕਰ ਦਿੱਤੇ। ਜਦ ਉਸ ਨੇ ਦਬਾਅ ਬਣਾਇਆ ਤਾਂ ਮੁਲਜ਼ਮ ਨੇ ਪਸੰਦ ਕੀਤੇ ਗਏ ਪਲਾਟ ਦੀ ਥਾਂ ਕਿਸੇ ਹੋਰ ਦਾ ਕਬਜ਼ਾ ਦੇ ਦਿੱਤਾ। ਕੁਲਦੀਪ ਸ਼ਰਮਾ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਦਰਜ ਕਰਵਾਈ, ਜਿਸ ਦੇ ਚਲਦਿਆਂ ਪੜਤਾਲ ਮਗਰੋਂ ਗੁਲਸ਼ਨ ਕੁਮਾਰ, ਹਰੀਸ਼ ਕੁਮਾਰ ਅਤੇ ਅਸ਼ੀਸ਼ ਸੂਦ ਖਿਲਾਫ ਪਰਚਾ ਦਰਜ ਕਰ ਕੇ ਪੁਲਿਸ ਨੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।