ਉਮੇਸ਼ ਜੈਨ, ਸ਼੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਦੇ ਵਾਲਮੀਕਿ ਮੁਹੱਲਾ ਨੇੜੇ ਕੱਲ੍ਹ ਦੇਰ ਸ਼ਾਮ 2 ਗੁੱਟਾਂ 'ਚ ਹੋਈ ਖੂਨੀ ਲੜਾਈ ਦੌਰਾਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲਾਂ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਵਾਲਮੀਕਿ ਮੁਹੱਲੇ 'ਚ ਦੋ ਗੁੱਟਾਂ ਵਿਚਕਾਰ ਹੋਇਆ ਝਗੜਾ ਇਕਦਮ ਖੂਨੀ ਰੂਪ ਧਾਰਨ ਕਰ ਗਿਆ ਜਿਸ 'ਚ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ। ਇਸ ਖੂਨੀ ਲੜਾਈ 'ਚ 3 ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ ਜਦਕਿ 2 ਮਾਮੂਲੀ ਰੂਪ 'ਚ ਜ਼ਖ਼ਮੀ ਹੋਏ। ਲੜਾਈ ਦੀ ਸੂਚਨਾ ਮਿਲਦੇ ਹੀ ਤੁਰੰਤ ਮਾਛੀਵਾੜਾ ਪੁਲਿਸ ਵੀ ਪਹੁੰਚ ਗਈ। ਜਿਨ੍ਹਾਂ ਨੇ ਸੜਕ 'ਤੇ ਹੀ ਖੂਨ 'ਚ ਰੰਗੇ ਜਖ਼ਮੀ ਵਿਅਕਤੀਆਂ ਨੂੰ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ। ਇਸ ਝਗੜੇ ਦੌਰਾਨ ਜਖ਼ਮੀ ਹੋਏ ਤਰਨਵੀਰ ਸਿੰਘ, ਹਰਪ੍ਰਰੀਤ ਸਿੰਘ ਤੇ ਜੋਤੀ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਲੁਧਿਆਣਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਕਾਰ ਇਹ ਖੂਨੀ ਝਗੜਾ ਕਿਉਂ ਹੋਇਆ ਉਸਦੀ ਜਾਂਚ ਕੀਤੀ ਜਾ ਰਹੀ ਹੈ।