ਕਰਾਈਮ ਰਿਪੋਰਟਰ ਲੁਧਿਆਣਾ : ਖਰੀਦਦਾਰੀ ਕਰਕੇ ਘਰ ਜਾ ਰਹੀ ਅੌਰਤ ਨੂੰ ਨਿਸ਼ਾਨਾ ਬਣਾਉਂਦਿਆਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦੀ ਸੋਨੇ ਦੀ ਚੇਨ ਉਤਾਰ ਲਈ। ਭੀੜ ਭਾੜ ਵਾਲੇ ਇਲਾਕੇ ਵਿਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਮਾਮਲੇ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਮਹਾਰਾਜ ਨਗਰ ਦੀ ਰਹਿਣ ਵਾਲੀ ਸ਼ਿਪਰਾ ਗਰਗ ਦੇ ਬਿਆਨਾਂ 'ਤੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਪੀਏਯੂ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸ਼ਿਪਰਾ ਨੇ ਦੱਸਿਆ ਕਿ ਉਹ ਖਰੀਦਦਾਰੀ ਕਰਨ ਲਈ ਘੁਮਾਰ ਮੰਡੀ ਗਈ ਸੀ। ਖਰੀਦਦਾਰੀ ਕਰਨ ਤੋਂ ਬਾਅਦ ਉਹ ਆਪਣੇ ਬੱਚਿਆਂ ਨੂੰ ਲੈ ਕੇ ਰਿਕਸ਼ਾ 'ਤੇ ਬੈਠ ਕੇ ਘਰ ਵੱਲ ਨੂੰ ਚੱਲ ਪਈ। ਸ਼ਿਪਰਾ ਨੇ ਦੱਸਿਆ ਕਿ ਉਹ ਜਿਵੇਂ ਹੀ ਸਰਕਟ ਹਾਊਸ ਦੇ ਲਾਗੇ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਉਸ ਦੀ ਸੋਨੇ ਦੀ ਚੇਨ ਉਤਾਰ ਲਈ। ਵਾਰਦਾਤ ਨੂੰ ਅੰਜਾਮ ਦੇ ਕੇ ਦੋਵੇਂ ਮੁਲਜ਼ਮ ਬੜੀ ਆਸਾਨੀ ਨਾਲ ਮੌਕੇ ਤੋਂ ਫ਼ਰਾਰ ਹੋ ਗਏ ਇਸ ਮਾਮਲੇ ਵਿੱਚ ਪੁਲਿਸ ਨੇ ਅੌਰਤ ਦੇ ਬਿਆਨਾਂ ਉੱਪਰ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।