ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਪੇਸ਼ੀ 'ਤੇ ਆਏ ਕਤਲ ਦੇ ਮੁਲਜ਼ਮ ਨੂੰ ਨਸ਼ੀਲੀਆਂ ਗੋਲੀਆਂ ਫੜਾਉਂਦੇ ਸਮੇਂ ਉਸਦੇ ਪਿਤਾ ਨੂੰ ਪੁਲਿਸ ਨੇ ਕਾਬੂ ਕੀਤਾ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਕਾਬੂ ਕੀਤੇ। ਮੁਲਜ਼ਮ ਨਛੱਤਰ ਸਿੰਘ ਦੇ ਕਬਜ਼ੇ 'ਚੋਂ 230 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਲਈਆਂ ਹਨ। ਜਾਣਕਾਰੀ ਦਿੰਦਿਆਂ ਥਾਣੇਦਾਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਫੱਲੇਵਾਲ ਜੋਧਾਂ ਦੇ ਵਾਸੀ ਸੁਖਪਾਲ ਸਿੰਘ ਨੇ ਸਾਲ 2015 ਵਿਚ ਪੀਏਯੂ ਦੇ ਇਕ ਡਾਕਟਰ ਦਾ ਕਤਲ ਕੀਤਾ ਸੀ। ਕਤਲ ਕੇਸ ਦੇ ਮਾਮਲੇ ਵਿਚ ਸੁਖਪਾਲ ਸਿੰਘ ਲੁਧਿਆਣਾ ਜੇਲ੍ਹ ਵਿਚ ਬੰਦ ਸੀ। ਏਐੱਸਆਈ ਸੁਰਿੰਦਰ ਸਿੰਘ ਤੇ ਏਐੱਸਆਈ ਮਨਜੀਤ ਸਿੰਘ ਸੁਖਪਾਲ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਨ ਆਏ। ਇਸੇ ਦੌਰਾਨ ਕਚਹਿਰੀ ਦੇ ਬਿਲਕੁਲ ਬਾਹਰ ਸੁਖਪਾਲ ਦੇ ਪਿਤਾ ਨੇ ਉਸ ਨੂੰ ਨਸ਼ੀਲੀਆਂ ਗੋਲੀਆਂ ਫੜਾਈਆਂ। ਪੁਲਿਸ ਨੇ ਮੁਲਜ਼ਮ ਨਛੱਤਰ ਸਿੰਘ ਨੂੰ ਉਸ ਵੇਲੇ ਹਿਰਾਸਤ ਵਿਚ ਲੈ ਲਿਆ ਤੇ ਜਦ ਉਸ ਦੀ ਤਲਾਸ਼ੀ ਲਈ ਤਾਂ ਨਛੱਤਰ ਦੇ ਕਬਜ਼ੇ ਵਿਚੋਂ 230 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਮਾਮਲੇ ਵਿਚ ਪੁਲਿਸ ਨੇ ਨਛੱਤਰ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।