ਐੱਸਪੀ ਜੋਸ਼ੀ, ਲੁਧਿਆਣਾ : ਵਪਾਰਕ ਲੈਣ ਦੇਣ 'ਚ ਲੱਖਾਂ ਰੁਪਇਆਂ ਦਾ ਉਧਾਰ ਮਾਲ ਲੈ ਕੇ ਬਦਲੇ ਵਿਚ ਦਿੱਤੇ ਚੈੱਕ ਜਾਣਬੁੱਝ ਕੇ ਫੇਲ੍ਹ ਕਰਵਾਉਣ ਦੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਕਿਲ੍ਹਾ ਮੁਹੱਲਾ ਵਾਸੀ ਪਰਮਿੰਦਰ ਸਿੰਘ ਤੇ ਉਸ ਦੀ ਪਤਨੀ ਲੱਕੀ ਕੌਰ ਖ਼ਿਲਾਫ਼ ਧੋਖਾਦੇਹੀ ਸਮੇਤ ਤੋਂ ਹੋਰ ਦੋਸ਼ਾਂ ਤਹਿਤ ਪਰਚਾ ਦਰਜ ਕਰ ਲਿਆ ਹੈ। ਪੁਲਿਸ ਨੇ ਇਹ ਮਾਮਲਾ ਸਰਾਭਾ ਨਗਰ ਦੇ ਰਹਿਣ ਵਾਲੇ ਕਾਰੋਬਾਰੀ ਅਰੁਣ ਗੁਪਤਾ ਦੇ ਬਿਆਨਾਂ ਉੱਪਰ ਦਰਜ ਕੀਤਾ ਹੈ। ਇਸ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਅਰੁਣ ਗੁਪਤਾ ਨੇ ਦੱਸਿਆ ਕਿ ਉਸ ਦਾ ਪਰਮਿੰਦਰ ਸਿੰਘ ਤੇ ਲੱਕੀ ਨਾਲ ਕਾਫੀ ਸਮੇਂ ਤੋਂ ਕਾਰੋਬਾਰੀ ਲੈਣ ਦੇਣ ਚੱਲ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦਾ ਉਧਾਰ ਕਰੀਬ 96 ਲੱਖ ਰੁਪਏ ਤਕ ਪਹੁੰਚ ਗਿਆ, ਜਦ ਉਨ੍ਹਾਂ ਨੇ ਆਪਣੀ ਰਕਮ ਮੰਗੀ ਤਾਂ ਕਥਿਤ ਮੁਲਜ਼ਮਾਂ ਨੇ ਅਰੁਣ ਗੁਪਤਾ ਨੂੰ ਵੱਖ-ਵੱਖ ਤਰੀਕਾਂ ਦੇ 14 ਚੈੱਕ ਕੱਟ ਕੇ ਦੇ ਦਿੱਤੇ। ਅਰੁਣ ਗੁਪਤਾ ਮੁਤਾਬਕ ਦਿੱਤੇ ਹੋਏ ਚੈੱਕਾਂ ਵਿਚੋਂ ਤਿੰਨ ਚੈੱਕ ਤਾਂ ਪਾਸ ਹੋ ਗਏ, ਪਰ ਬਾਕੀ 11 ਚੈੱਕ ਖਾਤੇ ਵਿਚ ਨਕਦੀ ਨਾ ਹੋਣ ਕਾਰਨ ਫੇਲ੍ਹ ਹੋ ਗਏ। ਉਨ੍ਹਾਂ ਦੋਸ਼ ਲਗਾਏ ਕਿ ਪੈਸਾ ਦੇਣ ਦੀ ਨੀਅਤ ਨਾਲ ਮੁਲਜ਼ਮ ਨੇ ਜਾਣਬੁੱਝ ਕੇ ਚੈੱਕ ਬਾਊਂਸ ਕਰਵਾ ਕੇ ਕਥਿਤ ਮੁਲਜ਼ਮਾਂ ਨੇ ਉਸ ਨਾਲ ਧੋਖਾਦੇਹੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਦ ਚੈੱਕ ਫੇਲ੍ਹ ਹੋਣ ਤੋਂ ਬਾਅਦ ਕਥਿਤ ਮੁਲਜ਼ਮਾਂ ਕੋਲੋਂ ਆਪਣੇ ਭੁਗਤਾਨ ਲਈ ਤਕਾਜ਼ਾ ਕੀਤਾ ਤਾਂ ਕਥਿਤ ਤੋਂ ਮੁਲਜ਼ਮ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗ ਗਏ। ਉਕਤ ਮਾਮਲੇ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਕੋਲ ਪੁੱਜੀ ਤਾਂ ਪੁਲਿਸ ਨੇ ਪੜਤਾਲ ਤੋਂ ਬਾਅਦ ਪਤੀ ਪਤਨੀ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।