ਜੇਐੱਨਐੱਨ, ਖੰਨਾ : ਨਜ਼ਦੀਕੀ ਪਿੰਡ ਬੀਜਾ 'ਚ ਇਕ ਵਿਆਹੁਤਾ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਫਾਹਾ ਲਾ ਕੇ ਆਤਮਹੱਤਿਆ ਕਰ ਲਈ। ਇਸ ਘਟਨਾ ਸਬੰਧੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤਾ ਹੈ। ਸਿਧਾਂਤ ਵਾਸੀ ਬੀਜਾ ਨੇ ਦੱਸਿਆ ਕਿ ਉਸ ਦੀ ਭੈਣ ਸਾਕਸ਼ੀ ਵਾਸਨੇ (24) ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਅਲੀਗੜ੍ਹ (ਯੂਪੀ) 'ਚ ਹੋਇਆ ਸੀ। ਵਿਆਹ ਤੋਂ ਬਾਅਦ ਦਾਜ ਦੀ ਮੰਗ ਕਰਦੇ ਹੋਏ ਸਹੁਰੇ ਪਰਿਵਾਰ ਦੇ ਕੁਝ ਲੋਕ ਸਾਕਸ਼ੀ ਨੂੰ ਤੰਗ ਪਰੇਸ਼ਾਨ ਕਰਨ ਲੱਗੇ। ਇਸ ਦੌਰਾਨ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਰਹੀ। ਜਨਵਰੀ 2019 'ਚ ਉਸ ਦਾ ਜੀਜਾ ਡਾਕਟਰ ਦੇ ਕੋਲ ਜਾਣ ਦੇ ਬਹਾਨਾ ਬਣਾ ਕੇ ਸਾਕਸ਼ੀ ਨੂੰ ਅੌਰੰਗਾਬਾਦ 'ਚ ਰਹਿੰਦੀ ਉਸ ਦੀ ਵੱਡੀ ਭੈਣ ਦੇ ਕੋਲ ਛੱਡ ਗਿਆ। ਫਿਰ ਉਸ ਦੀ ਭੈਣ ਨੂੰ ਸਹੁਰੇ ਘਰ ਨਾ ਆਉਣ ਲਈ ਕਿਹਾ ਗਿਆ। ਉਥੇ ਉਸ ਦੇ ਪਿਤਾ ਸਾਕਸ਼ੀ ਨੂੰ ਮਾਪੇ ਘਰ ਬੀਜਾ ਲੈ ਆਏ। ਉਦੋਂ ਤੋਂ ਸਾਕਸ਼ੀ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੀ ਸੀ। ਸਹੁਰੇ ਵਾਲਿਆਂ ਨੂੰ ਕਈ ਵਾਰ ਕਿਹਾ ਗਿਆ ਕਿ ਉਹ ਸਾਕਸ਼ੀ ਨੂੰ ਆਪਣੇ ਘਰ ਲੈ ਜਾਣ ਤੇ ਤੰਗ ਪਰੇਸ਼ਾਨ ਨਾ ਕਰਨ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਸਿਧਾਂਤ ਨੇ ਦੱਸਿਆ ਕਿ ਇਸ ਨਾਲ ਸਾਕਸ਼ੀ ਦੀ ਮਾਨਸਿਕ ਪਰੇਸ਼ਾਨੀ ਵਧਦੀ ਹੈ। ਵੀਰਵਾਰ ਨੂੰ ਜਦੋਂ ਉਸ ਦੇ ਪਿਤਾ ਤੇ ਉਹ ਕੰਮ 'ਤੇ ਗਏ ਸੀ ਤੇ ਛੋਟੀ ਭੈਣ ਮਾਨਸੀ ਦੂਸਰੇ ਕਮਰੇ 'ਚ ਸੀ ਤਾਂ ਸਾਕਸ਼ੀ ਨੇ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।