ਕਰਾਈਮ ਰਿਪੋਰਟਰ/ਲੁਧਿਆਣਾ

ਬਸਤੀ ਜੋਧੇਵਾਲ ਦੇ ਕਾਲੀ ਸੜਕ ਇਲਾਕੇ 'ਚ ਰਹਿਣ ਵਾਲੇ ਪਰਿਵਾਰ ਦੀ ਨਾਬਾਲਿਗ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੈ ਜਾਣ ਦੇ ਦੋਸ਼ 'ਚ ਥਾਣਾ ਬਸਤੀ ਜੋਧੇਵਾਲ ਪੁਲਿਸ ਵੱਲੋਂ ਆਜ਼ਾਦ ਨਗਰ ਦੇ ਰਹਿਣ ਵਾਲੇ ਕਰਨ ਸ਼ਰਮਾ, ਬਾਵਾ ਸ਼ਰਮਾ, ਨੀਲਮ ਸ਼ਰਮਾ, ਸੰਦੀਪ ਕੁਮਾਰ ਤੇ ਲਖਵਿੰਦਰ ਸਿੰਘ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕਾਲੀ ਸੜਕ ਦੇ ਰਹਿਣ ਵਾਲੀ ਰਜਨੀ ਨੇ ਦੱਸਿਆ ਕਿ ਉਸ ਦੀ ਨਾਬਾਲਿਗ ਭਾਣਜੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨਾਲ ਹੀ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਨਾਬਾਲਿਗ ਲੜਕੀ ਅਚਾਨਕ ਘਰੋਂ ਗਾਇਬ ਹੋ ਗਈ ਤਾਂ ਉਨ੍ਹਾਂ ਆਪਣੇ ਪੱਧਰ 'ਤੇ ਪੜਤਾਲ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਕਰਨ ਨਾਂ ਦਾ ਕਥਿਤ ਮੁਲਜ਼ਮ ਲੜਕੀ 'ਤੇ ਮਾੜੀ ਨਜ਼ਰ ਰੱਖਦਾ ਸੀ ਅਤੇ ਕਰਨ ਹੀ ਆਪਣੇ ਪਰਿਵਾਰ ਦੀ ਮਦਦ ਨਾਲ ਉਨ੍ਹਾਂ ਦੀ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਨਾਲ ਲੈ ਗਿਆ ਹੈ।ਘਰ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਘਰੋਂ ਜਾਣ ਤੋਂ ਪਹਿਲਾਂ ਲੜਕੀ ਸੋਨੇ ਦੀ ਮੁੰਦਰੀ ਤੇ ਕਰੀਬ ਵੀਹ ਹਜ਼ਾਰ ਰੁਪਏ ਨਕਦੀ ਵੀ ਆਪਣੇ ਨਾਲ ਲੈ ਗਈ। ਉਕਤ ਬਿਆਨਾਂ ਦੇ ਆਧਾਰ 'ਤੇ ਪੁਲਿਸ ਵੱਲੋਂ ਕਥਿਤ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।