ਕੁਲਵਿੰਦਰ ਸਿੰਘ ਰਾਏ, ਖੰਨਾ

ਖੰਨਾ ਦੇ ਰੇਲਵੇ ਲਾਈਨ ਪਾਰ ਇਲਾਕੇ 'ਚ ਸੀਵਰੇਜ ਪ੍ਰਰੋਜੇਕਟ ਲਈ ਪਾਈ ਜਾ ਰਹੀ ਇੱਕ ਪਾਈਪਲਾਈਨ ਦਾ ਕਰੈਡਿਟ ਲੈਣ ਲਈ ਸ਼ੁੱਕਰਵਾਰ ਦੀ ਅੱਧੀ ਰਾਤ ਕਾਂਗਰਸ ਦੇ ਦੋ ਗੁੱਟ ਆਹਮੋ-ਸਾਹਮਣੇ ਹੋ ਗਏ। ਇਨ੍ਹਾਂ 'ਚ ਇੱਕ ਧੜਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਖ਼ਿਲਾਫ਼ ਹੈ ਤਾਂ ਦੂਜਾ ਗੁੱਟ ਕੋਟਲੀ ਦਾ ਸਮਰਥਕ ਹੈ। ਦੱਸਣਯੋਗ ਹੈ ਕਿ ਇਲਾਕੇ 'ਚ ਇਨ੍ਹਾਂ ਦਿਨਾਂ 'ਚ ਸੀਵਰੇਜ ਦੇ ਗੰਦੇ ਪਾਣੀ ਦੇ ਖੜ੍ਹਨ ਨਾਲ ਇਲਾਕੇ ਦੇ ਹਾਲਾਤ ਭੈੜੇ ਬਣੇ ਹੋਏ ਹਨ।

ਪ੍ਰਰਾਪਤ ਜਾਣਕਾਰੀ ਅਨੁਸਾਰ ਇਲਾਕੇ 'ਚ ਗੰਦੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਇੱਕ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁੱਕਰਵਾਰ ਦੀ ਰਾਤ ਨੂੰ ਹੋਇਆ। ਇਸ ਦੌਰਾਨ ਵਿਧਾਇਕ ਕੋਟਲੀ ਦੇ ਵਿਰੋਧੀ ਧੜੇ ਦੇ ਸਾਬਕਾ ਕੌਂਸਲਰ ਸੁਨੀਲ ਕੁਮਾਰ ਨੀਟਾ, ਕਿ੍ਸ਼ਨ ਪਾਲ, ਕਰਮਜੀਤ ਸਿੰਘ ਸਿਫ਼ਤੀ ਤੇ ਹੋਰ ਮੌਕੇ 'ਤੇ ਪਹੁੰਚ ਗਏ। ਸੁਨੀਲ ਨੀਟਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਸੀ ਤੇ ਉਸਦੇ ਬਾਅਦ ਵਿਭਾਗ ਨੇ ਪਾਈਪਲਾਈਨ ਪਾਉਣ ਦਾ ਫੈਸਲਾ ਕੀਤਾ। ਇਸ ਨਾਲ ਸੀਵਰੇਜ ਪ੍ਰਰੋਜੇਕਟ ਪੂਰਾ ਹੋਣ ਤੱਕ ਇਲਾਕੇ ਨੂੰ ਪਾਣੀ ਖੜ੍ਹਨ ਤੋਂ ਮੁਕਤੀ ਮਿਲੇਗੀ। ਨੀਟਾ ਨੇ ਇਸ ਸਬੰਧੀ ਅਧਿਕਾਰੀਆਂ ਨਾਲ ਕੀਤੀ ਗੱਲਬਾਤ ਦੀ ਕਾਲ ਰਿਕਾਰਡਿੰਗ ਵੀ ਮੀਡੀਆ ਨੂੰ ਸੁਣਾਈ।

ਦੂਜੇ ਪਾਸੇ ਵਿਧਾਇਕ ਕੋਟਲੀ ਦੇ ਸਮਰਥਕ ਗੱੁਟ ਦੇ ਅਮਰੀਸ਼ ਕਾਲੀਆ, ਰਾਜਿੰਦਰ ਕੌਰ ਲਿਬੜਾ ਤੇ ਮਨਿੰਦਰ ਸ਼ਰਮਾ ਮਨੀ ਵੀ ਰਾਤ ਨੂੰ ਮੌਕੇ 'ਤੇ ਪਹੁੰਚ ਗਏ। ਕਾਲੀਆ ਤੇ ਲਿਬੜਾ ਨੇ ਕਿਹਾ ਕਿ ਵਿਧਾਇਕ ਕੋਟਲੀ ਦੀਆਂ ਕੋਸ਼ਿਸ਼ਾਂ ਨਾਲ ਇਹ ਪਾਈਪ ਨੂੰ ਪਾਉਣ ਦਾ ਕੰਮ ਚੱਲ ਰਿਹਾ ਹੈ, ਕੁੱਝ ਲੋਕ ਬਿਨ੍ਹਾਂ ਕੋਈ ਕੰਮ ਕੀਤੇ ਸਾਰਾ ਲਾਹਾ ਲੈਣਾ ਚਾਹੁੰਦੇ ਹਨ ਪਰ ਲੋਕ ਸਭ ਜਾਣਦੇ ਹਨ ਕਿ ਕੋਟਲੀ ਦੀਆਂ ਕੋਸ਼ਿਸ਼ਾਂ ਨਾਲ ਹੀ ਰੇਲਵੇ ਲਾਈਨ ਪਾਰ ਇਲਾਕੇ ਨੂੰ ਸੀਵਰੇਜ ਦੀ ਸਮੱਸਿਆ ਤੋਂ ਸਾਲਾਂ ਬਾਅਦ ਨਿਜਾਤ ਮਿਲ ਰਹੀ ਹੈ। ਇਸ ਕਰੈਡਿਟ ਵਾਰ ਦੇ ਕਾਰਨ ਰਾਤ 1 ਵਜੇ ਤੱਕ ਦੋਵੇਂ ਗੁੱਟ ਮੌਕੇ 'ਤੇ ਖੜ੍ਹੇ ਰਹੇ ਤੇ ਫੇਸਬੁੱਕ 'ਤੇ ਲਾਈਵ ਹੋ ਕੇ ਕੰਮ ਦਾ ਕਰੈਡਿਟ ਲੈਣ ਦੀ ਕੋਸ਼ਿਸ਼ ਕਰਦੇ ਰਹੇ।