ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਨੇ ਅੰਤਰ-ਰਾਸ਼ਟਰੀ ਵੈਬੀਨਾਰ ਕਰਵਾਇਆ ਜਿਸ ਦਾ ਵਿਸ਼ਾ ਸੀ ਕੋਵਿਡ-19 ਮਹਾਂਮਾਰੀ: ਸਰੋਕਾਰ ਅਤੇ ਪਰਿਪੇਖ। ਇਹ ਵੈਬੀਨਾਰ ਇੰਡੀਅਨ ਵਿਰੋਲੋਜੀਕਲ ਸੋਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਕਾਲਜ ਦੇ ਡੀਨ ਡਾ. ਯਸ਼ਪਾਲ ਸਿੰਘ ਮਲਿਕ ਅਤੇ ਇਸੇ ਸੋਸਾਇਟੀ ਦੇ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਇਹ ਸੋਸਾਇਟੀ ਇਕ ਵਿਗਿਆਨਕ ਇਕਾਈ ਹੈ ਜੋ ਕਿ ਅੰਤਰ-ਰਾਸ਼ਟਰੀ ਪੱਧਰ 'ਤੇ ਕੰਮ ਕਰ ਰਹੀ ਹੈ। ਡਾ. ਰਾਮ ਸਰਨ ਸੇਠੀ ਪ੍ਰਬੰਧਕੀ ਸਕੱਤਰ ਨੇ ਕਿਹਾ ਕਿ ਵੈਬੀਨਾਰ ਦਾ ਉਦੇਸ਼ ਇਸ ਮਹਾਂਮਾਰੀ ਸਬੰਧੀ ਪ੍ਰਤੀਭਾਗੀਆਂ ਨੂੰ ਨਵੀਂ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਵੈਬੀਨਾਰ ਵਿੱਚ 500 ਤੋਂ ਵਧੇਰੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਸਿੱਖਿਆ ਸ਼ਾਸਤਰੀਆਂ, ਖੋਜੀਆਂ ਅਤੇ ਉਦਯੋਗ ਨਾਲ ਜੁੜੇ ਵਿਅਕਤੀਆਂ ਨੇ ਹਿੱਸਾ ਲਿਆ। ਫੇਸਬੁੱਕ ਅਤੇ ਯੂ ਟਿਊਬ ਦੇ ਮਾਧਿਅਮ ਰਾਹੀਂ ਹੋਰ ਚਾਹਵਾਨ ਲੋਕਾਂ ਨੂੰ ਵੀ ਇਸ ਨਾਲ ਜੋੜਿਆ ਗਿਆ। ਡਾ. ਸੋਵਿਕ ਘੋਸ਼ ਰੌਸ ਯੂਨੀਵਰਸਿਟੀ ਵੈਸਟ ਇੰਡੀਜ਼ ਨੇ ਇਸ ਵਾਇਰਸ ਦੇ ਢਾਂਚੇ ਅਤੇ ਸੰਚਾਰ ਬਾਰੇ ਦੱਸਿਆ। ਡਾ. ਭਾਨੂ ਪ੍ਰਤਾਪ ਸਿੰਘ ਯੂਐੱਸਏ ਨੇ ਕੋਵਿਡ ਦੇ ਟੀਕੇ ਦੇ ਵਿਕਾਸ ਅਤੇ ਭਵਿੱਖੀ ਚੁਣੌਤੀਆਂ ਬਾਰੇ ਚਰਚਾ ਕੀਤੀ। ਡਾ. ਮੁਹੰਮਦ ਉਪਸਾਲਾ ਯੂਨੀਵਰਸਿਟੀ ਸਵੀਡਨ ਨੇ ਸਾਰਸ ਅਤੇ ਕੋਵਿਡ ਦੇ ਅੰਤਰ-ਸਬੰਧਾਂ ਦੇ ਪਹਿਲੂਆਂ ਦੀ ਚਰਚਾ ਕੀਤੀ। ਪ੍ਰਰੋ. ਸ਼ੈਲੇਂਦਰ ਸਕਸੈਨਾ ਕਿੰਗ ਜਾਰਜ਼ ਮੈਡੀਕਲ ਯੂਨੀਵਰਸਿਟੀ ਲਖਨਊ ਨੇ ਕੋਰੋਨਾ ਵਾਇਰਸ ਬਿਮਾਰੀ: ਅਦਿੱਖ ਅਤੇ ਅਣਕਿਹਾ ਵਿਸ਼ੇ 'ਤੇ ਵਿਚਾਰ ਸਾਂਝੇ ਕੀਤੇ। ਡਾ. ਲੌਰਾ ਬੇਰੀ ਅਸਟ੍ਰੇਲੀਆ ਨੇ ਕੋਵਿਡ-19 ਸਥਿਤੀ ਵਿੱਚ ਇੱਕ ਵੈਟਨਰੀ ਡਾਕਟਰ ਦੀ ਭੂਮਿਕਾ ਸਬੰਧੀ ਆਪਣਾ ਨਜ਼ਰੀਆ ਪੇਸ਼ ਕੀਤਾ। ਡਾ. ਹਿਮਾਂਸ਼ੂ ਚੌਹਾਨ ਬਿਮਾਰੀ ਨਿਯੰਤਰਣ ਸਬੰਧੀ ਕੌਮੀ ਕੇਂਦਰ ਦਿੱਲੀ ਨੇ ਭਾਰਤ ਵਿੱਚ ਇਸ ਬਿਮਾਰੀ ਬਾਰੇ ਮਹੱਤਵਪੂਰਨ ਅੰਕੜੇ ਸਾਂਝੇ ਕੀਤੇ। ਸ਼ਾਮ ਦੇ ਸੈਸ਼ਨ ਵਿੱਚ ਵੀ ਵੱਖ ਵੱਖ ਮਾਹਿਰਾਂ ਨੇ ਵੱਖ ਵੱਖ ਵਿਸ਼ਿਆਂ ਤੇ ਚਰਚਾ ਕੀਤੀ।