ਕੁਲਵਿੰਦਰ ਸਿੰਘ ਰਾਏ, ਖੰਨਾ : ਸਦਰ ਥਾਣਾ ਖੰਨਾ 'ਚ ਪਿਤਾ-ਪੁੱਤ ਸਮੇਤ ਤਿੰਨ ਵਿਅਕਤੀਆਂ ਨੂੰ ਨਿਰਵਸਤਰ ਕਰਨ ਦੇ ਮਾਮਲੇ 'ਚ ਨਾਮਜ਼ਦ ਸਾਬਕਾ ਐੱਸਐੱਚਓ ਬਲਜਿੰਦਰ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਪਰ ਇਸ ਮਾਮਲੇ 'ਚ ਖੰਨਾ ਦੀ ਅਦਾਲਤ ਨੇ ਦੋ ਨਵੇਂ ਮਾਮਲਿਆਂ ਦੀ ਜਾਂਚ ਦੇ ਆਦੇਸ਼ ਵੱਖ-ਵੱਖ ਅਧਿਕਾਰੀਆਂ ਨੂੰ ਦਿੱਤੇ ਹਨ।

ਖੰਨਾ ਦੀ ਅਦਾਲਤ ਨੇ ਪਟਿਆਲੇ ਦੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰੀਟੈਂਡੈਂਟ ਨੂੰ ਮੁਲਜ਼ਮ ਬਲਜਿੰਦਰ ਸਿੰਘ ਦੇ ਕੋਰੋਨਾ ਸੈਂਪਲ ਗੁੰਮ ਹੋਣ ਦੀ ਜਾਂਚ ਕਰਨ ਨੂੰ ਕਿਹਾ ਹੈ। ਦੱਸਣਯੋਗ ਹੈ ਕਿ ਪੀੜਤ ਧਿਰ ਦੀ ਅਪੀਲ 'ਤੇ ਅਦਾਲਤ ਨੇ ਮੁਲਜ਼ਮ ਬਲਜਿੰਦਰ ਸਿੰਘ ਦਾ ਕੋਰੋਨਾ ਟੈਸਟ ਦੁਬਾਰਾ ਕਰਨ ਦੇ ਹੁਕਮ ਦਿੱਤੇ ਸਨ। ਸੈਂਪਲ ਜਾਂਚ ਲਈ ਲੁਧਿਆਣਾ ਤੋਂ ਪਟਿਆਲਾ ਲੈਬ 'ਚ ਭੇਜਿਆ ਗਿਆ ਸੀ। ਪਟਿਆਲਾ ਤੋਂ ਰਿਪੋਰਟ ਆਈ ਸੀ ਕਿ ਸੈਂਪਲ ਉਨ੍ਹਾਂ ਨੂੰ ਨਹੀਂ ਮਿਲਿਆ ਹੈ।

ਦੂਜਾ ਮਾਮਲਾ 26 ਸਤੰਬਰ ਨੂੰ ਬਲਜਿੰਦਰ ਸਿੰਘ ਨਾਮ ਦੇ ਕਿਸੇ ਹੋਰ ਵਿਅਕਤੀ ਦੇ ਪੱਖ 'ਚ ਆਏ ਹਾਈਕੋਰਟ ਦੇ ਇਕ ਫੈਸਲੇ ਨੂੰ ਖੰਨਾ ਦੀ ਅਦਾਲਤ 'ਚ ਥਾਣੇਦਾਰ ਬਲਜਿੰਦਰ ਸਿੰਘ ਦੇ ਪੱਖ 'ਚ ਪੇਸ਼ ਕਰਨ ਦਾ ਹੈ। ਅਦਾਲਤ ਨੇ ਵਕੀਲ ਗੁਨਿੰਦਰ ਸਿੰਘ ਬਰਾੜ ਦੀ ਸ਼ਿਕਾਇਤ 'ਤੇ ਦੱਸਿਆ ਕਿ 26 ਸਤੰਬਰ ਨੂੰ ਹੀ ਮਾਮਲੇ ਦੀ ਜਾਂਚ ਲਈ ਸਿਵਲ ਸਰਜਨ ਲੁਧਿਆਣਾ ਨੂੰ ਆਦੇਸ਼ ਦਿੱਤੇ ਹਨ। ਉਨ੍ਹਾਂ ਨੂੰ 10 ਦਿਨ 'ਚ ਜਾਂਚ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ ਹੈ।

ਐੱਸਸੀ ਐਕਟ ਨਾਲ ਜੁੜਿਆ ਮਾਮਲਾ ਸਪੈਸ਼ਲ ਕੋਰਟ ਨੂੰ ਭੇਜਿਆ

ਖੰਨਾ ਦੀ ਅਦਾਲਤ ਨੇ ਮੁਲਜ਼ਮ ਬਲਜਿੰਦਰ ਸਿੰਘ 'ਤੇ ਐੱਸਸੀ ਐਕਟ ਦੀਆਂ ਧਾਰਾਵਾਂ ਸਬੰਧੀ ਮਾਮਲਾ ਸੁਣਵਾਈ ਲਈ ਲੁਧਿਆਣਾ ਸਪੇਸ਼ਲ ਕੋਰਟ ਨੂੰ ਭੇਜ ਦਿੱਤਾ ਹੈ। ਅਦਾਲਤ ਨੇ ਦੱਸਿਆ ਕਿ ਅਜਿਹੇ ਮਾਮਲੇ ਦੀ ਸੁਣਵਾਈ ਕਰਨੀ, ਉਨ੍ਹਾਂ ਦੇ ਅਧਿਕਾਰ ਖੇਤਰ 'ਚ ਨਹੀਂ ਹੈ। ਇਸ ਲਈ ਸਪੈਸ਼ਲ ਕੋਰਟ ਨੂੰ ਇਹ ਮਾਮਲਾ ਭੇਜਿਆ ਜਾ ਰਿਹਾ ਹੈ।