ਜੇਐੱਨਐੱਨ, ਲੁਧਿਆਣਾ : ਕੋਰੋਨਾ ਮਹਾਮਾਰੀ ਦਾ ਅਸਰ 15 ਅਗਸਤ ਨੂੰ ਸੁਤੰਤਰਤਾ ਦਿਵਸ 'ਤੇ ਕਰਵਾਏ ਜਾਣ ਵਾਲੇ ਪ੍ਰੋਗਰਾਮ 'ਤੇ ਦੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਸਵੇਰੇ ਗੁਰੂ ਨਾਨਕ ਸਟੇਡੀਅਮ 'ਚ ਫੁੱਲ ਡਰੈੱਸ ਰਿਹਰਸਲ ਕਰਵਾਈ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਪਰੇਡ ਦੀ ਸਲਾਮੀ ਲਈ ਅਤੇ ਪੂਰੀ ਪਰੇਟ 15 ਮਿੰਟ 'ਚ ਹੀ ਸਮੇਟ ਲਈ ਗਈ।

ਇਸ ਦੌਰਾਨ ਸੁਤੰਤਰਤਾ ਦਿਵਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ 'ਚ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿਸੇ ਵੀ ਵਿਅਕਤੀ ਨੂੰ ਸੜਕ 'ਤੇ ਡੀਜੇ ਜਾਂ ਆਰਕੇਸਟਰਾ ਲਗਾ ਕੇ ਸੁਤੰਤਰਤਾ ਦਿਵਸ ਸਮਾਗਮ ਮਨਾਉਣ ਦੀ ਆਗਿਆ ਨਹੀਂ ਹੋਵੇਗੀ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖ਼ਿਲਾਫ਼ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਦਾ ਪਰਚਾ ਦਰਜ ਕੀਤਾ ਜਾਵੇਗਾ।

ਡੀਸੀ ਨੇ ਲੋਕਾਂ ਤੋਂ ਕੋਰੋਨਾ ਸਬੰਧੀ ਸਿਹਤ ਵਿਭਾਗ ਦੁਆਰਾ ਜਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਸੁਤੰਤਰਤਾ ਦਿਵਸ ਕਰਵਾਉਣ ਦੀ ਅਪੀਲ ਕੀਤੀ। ਡੀਸੀ ਨੇ ਕਿਹਾ ਕਿ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਦਿਨ ਪ੍ਰਤੀਦਿਨ ਵੱਧਦਾ ਜਾ ਰਿਹਾ ਹੈ, ਇਸ ਲਈ ਲੋਕਾਂ ਨੂੰ ਸਮਝਦਾਰੀ ਦਿਖਾਉਂਦੇ ਹੋਏ ਆਪਣੇ-ਆਪਣੇ ਘਰਾਂ 'ਚ ਰਹਿੰਦੇ ਹੋਏ ਸੁਤੰਤਰਤਾ ਦਿਵਸ ਮਨਾਉਣਾ ਚਾਹੀਦਾ ਹੈ।

ਇਸ ਦੌਰਾਨ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਏਡੀਸੀ ਜਨਰਲ ਅਮਰਜੀਤ ਸਿੰਘ ਬੈਂਸ, ਐੱਸਡੀਐੱਮ ਪੱਛਮੀ ਅਮਰਿੰਦਰ ਸਿੰਘ ਮੱਲੀ ਸਮੇਤ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਮੌਜੂਦ ਰਹੇ।

Posted By: Ramanjit Kaur