ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਨੇ ਪ੍ਰਗਟਾਈ ਚਿੰਤਾ

ਰਘਵੀਰ ਸਿੰਘ ਜੱਗਾ, ਰਾਏਕੋਟ : ਰਾਏਕੋਟ ਵਿਖੇ ਸ਼ਾਨਦਾਰ ਇਮਾਰਤ 'ਚ 30 ਬਿਸਤਰਿਆਂ ਦਾ ਸਿਵਲ ਹਸਪਤਾਲ ਬਣਿਆ ਹੋਇਆ ਹੈ। ਜਿਥੇ ਯੋਗ ਡਾਕਟਰ ਤੇ ਮਿਹਨਤੀ ਸਟਾਫ ਮੌਜੂਦ ਹੈ ਤੇ ਸ਼ਹਿਰੀਆਂ ਨੂੰ ਉਹ ਆਪਣੀਆਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਪਰ ਕੋਰੋਨਾ ਮਹਾਮਾਰੀ ਦੌਰਾਨ ਰਾਏਕੋਟ ਹਸਪਤਾਲ ਵਿਚ ਗੰਭੀਰ ਮਰੀਜ਼ਾਂ ਨੂੰ ਦਾਖਲ ਕਰਨ ਲਈ ਕੋਈ ਵੀ ਕੋਵਿਡ ਕੇਅਰ ਸੈਂਟਰ ਨਹੀਂ ਬਣਾਇਆ ਗਿਆ ਹੈ। ਹਸਪਤਾਲ ਵਿਚ ਸਿਰਫ ਕੋਵਿਡ ਟੈਸਟ ਹੀ ਕੀਤਾ ਜਾਂਦਾ ਤੇ ਕੋਰੋਨਾ ਮਰੀਜ਼ਾਂ ਨੂੰ ਜਗਰਾਓਂ ਜਾਂ ਲੁਧਿਆਣਾ ਵਿਖੇ ਭੇਜਿਆ ਜਾਂਦਾ ਹੈ। ਸਿਵਲ ਸਰਜਨ ਲੁਧਿਆਣਾ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਰਾਏਕੋਟ ਸਬ-ਡਵੀਜ਼ਨ 'ਚ 14 ਮਈ ਤਕ ਕਰੋਨਾ ਦੇ ਕੁੱਲ 933 ਮਰੀਜ਼ ਪਾਜ਼ੇਟਿਵ ਹੋ ਚੁੱਕੇ ਹਨ ਤੇ ਸਬ-ਡਵੀਜ਼ਨ 'ਚ ਹੁਣ ਤਕ ਕੋਰੋਨਾ ਨਾਲ 21 ਮੌਤਾਂ ਵੀ ਹੋਈਆਂ ਹਨ। ਫਿਰ ਵੀ ਪਤਾ ਨਹੀਂ ਪ੍ਰਸ਼ਾਸਨ ਨੇ ਵੱਡੀ ਅਬਾਦੀ ਵਾਲੇ ਰਾਏਕੋਟ ਸ਼ਹਿਰ ਦੇ ਹਸਪਤਾਲ ਵਿਖੇ ਕੋਵਿਡ ਕੇਅਰ ਸੈਂਟਰ ਕਿਉਂ ਸਥਾਪਤ ਨਹੀਂ ਕੀਤਾ ਹੈ? ਰਾਏਕੋਟ ਹਸਪਤਾਲ ਵਲੋਂ ਕੋਰੋਨਾ ਪਾਜ਼ੇਟਿਵ ਆਏ ਆਮ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰਾਂ ਵਿਚ ਇਕਾਂਤਵਾਸ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੀ ਕੋਵਿਡ ਨਿਯਮਾਂ ਅਨੁਸਾਰ ਦੇਖਭਾਲ ਵੀ ਕੀਤੀ ਜਾਂਦੀ ਹੈ। ਸਥਾਨਕ ਡਾਕਟਰਾਂ ਦੇ ਦੱਸਣ ਅਨੁਸਾਰ ਮਰੀਜ਼ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਸਿਵਲ ਹਸਪਤਾਲ ਜਗਰਾਓਂ ਜਾਂ ਲੁਧਿਆਣਾ ਹੀ ਭੇਜਿਆ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਰਾਏਕੋਟ ਵਿਚ ਲੋਕ ਕੋਰੋਨਾ ਦਾ ਟੈਸਟ ਘੱਟ ਕਰਵਾ ਰਹੇ ਹਨ ਤੇ ਉਹ ਬਾਹਰ ਜਾਣ ਤੋਂ ਡਰਦੇ ਹਨ।

ਰਾਏਕੋਟ ਤੋਂ ਸਾਬਕਾ ਵਿਧਾਇਕ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੇ ਸਿਹਤ ਵਿਭਾਗ ਨੂੰ ਨਗਰ ਕੌਂਸਲ ਦੀ ਕੀਮਤੀ ਜਗ੍ਹਾ ਦੇ ਕੇ ਰਾਏਕੋਟ ਵਿਖੇ ਹਸਪਤਾਲ ਬਣਵਾਇਆ ਸੀ। ਹਸਪਤਾਲ ਪਾਸ ਸ਼ਾਨਦਾਰ ਇਮਾਰਤ ਤੇ ਹਰ ਤਰ੍ਹਾਂ ਦੀ ਸਹੂਲਤ ਉਪਲੱਬਧ ਹੋਣ 'ਤੇ ਵੀ ਸ਼ਹਿਰ ਦੇ ਕੋਵਿਡ ਪੀੜਤਾਂ ਨੂੰ ਇਲਾਜ ਲਈ ਸਹਿਰ ਤੋਂ ਬਾਹਰ ਜਾਣਾ ਪੈਂਦਾ ਹੈ। ਪ੍ਰਸ਼ਾਸਨ ਨੂੰ ਇਸ ਪਾਸੇ ਉਚੇਚਾ ਧਿਆਨ ਦੇਣਾ ਚਾਹੀਦਾ ਹੈ।

ਇਸ ਸਬੰਧੀ ਰਾਏਕੋਟ ਦੇ ਐੱਸਡੀਐੱਮ ਡਾ. ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਸ਼ਹਿਰ 'ਚ ਕੋਰੋਨਾ ਦੀ ਸਥਿਤੀ ਕਾਬੂ ਹੇਠ ਹੈ ਤੇ ਮਰੀਜ਼ਾਂ ਦੀ ਸਹੀ ਸੰਭਾਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਥਿਤੀ ਵਿਗੜਦੀ ਹੈ ਤਾਂ ਇਥੇ ਕੋਵਿਡ ਕੇਅਰ ਸੈਂਟਰ ਬਣਾਇਆ ਜਾ ਸਕਦਾ ਹੈ, ਪ੍ਰਸ਼ਾਸਨ ਹਰ ਸਥਿਤੀ ਦੇ ਟਾਕਰੇ ਲਈ ਹਰ ਸਮੇਂ ਤਿਆਰ ਹੈ।